ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/100

ਇਹ ਸਫ਼ਾ ਪ੍ਰਮਾਣਿਤ ਹੈ

ਬਦਲੋਟੀਆਂ (ਤੇਤੀ ਰੁਬਾਈਆਂ)

ਉੱਸਰ ਰਹੇ ਨੇ ਮੰਦਰ ਮਸਜਿਦ ਮਰ ਮੁੱਕ ਰਹੇ ਨੇ ਬੰਦੇ।
ਮਰਿਆਂ ਖ਼ਾਤਰ ਧਰਮੀ ਬੰਦੇ ਕਰਨ ਇਕੱਠੇ ਚੰਦੇ।
ਜਿਸ 'ਡੋਰੀ' ਨੂੰ ਧਰਮ ਸਮਝ ਕੇ ਵੱਟ ਚਾੜ੍ਹਦੇ ਆਪਾਂ,
ਏਸੇ ਨੇ ਹੀ ਬਣ ਜਾਣਾ ਏਂ, ਸਾਡੇ ਗਲ ਵਿਚ ਫੰਦੇ।

ਰੂਪ ਦੀ ਰਾਣੀ ਇਹ ਨਖ਼ਰੇਲੋ, ਕੁਰਸੀ ਸੱਤਾ ਵਾਲੀ।
ਲੰਗੜੇ ਨੂੰ ਵੀ ਨਾਚ ਨਚਾਵੇ, ਐਸੀ ਸ਼ਕਤੀਸ਼ਾਲੀ।
ਬੇਸ਼ਰਮਾਂ ਨੂੰ ਗੋਦ ਬਿਠਾਵੇ, ਜਦ ਜੀ ਚਾਹੇ ਮਾਰੇ,
ਫਿਰ ਵੀ ਇਸ ਦੀ ਅਰਦਲ ਬੈਠੇ ਧਰਮ ਕਰਮ ਦੇ ਵਾਲੀ।

ਵੇਦ ਕਤੇਬਾਂ ਹਾਰੇ ਹੰਭੇ, ਪੈਸੇ ਨੇ ਮੱਤ ਮਾਰੀ।
ਇਹ ਐਸੀ ਭੁੱਖ ਕਦੇ ਨਾ ਮਰਦੀ ਕੀ ਬੰਦਾ ਕੀ ਨਾਰੀ।
ਮੰਦਰ ਵਿਚ ਪੁਜਾਰੀ ਆਖੇ ਰੋਜ਼ ਸਵੇਰੇ ਸ਼ਾਮੀਂ,
ਉੱਲੂ ਦੀ ਪਿੱਠ ਉੱਤੇ ਕਰਦੀ, ਲੱਛਮੀ ਵੀ ਅਸਵਾਰੀ।

ਡਾਕੂ ਨੂੰ ਹੁਣ ਡਾਕੂ ਕਹੀਏ, ਚੋਰ ਨੂੰ ਕਹੀਏ ਚੋਰ।
ਸ਼ਰਮ ਧਰਮ ਜੇ ਚੁੱਪ ਬੈਠੇ ਨੇ, ਕਿਹੜਾ ਬੋਲੂ ਹੋਰ।
ਨੇਰ੍ਹ ਨਾਨਕਾ! ਲਿਖੇ ਲੁਟੇਰਿਆਂ ਚੋਣ ਮਨੋਰਥ ਪੱਤਰ,
ਤੇਰੇ ਘਰ ਨੂੰ ਲੁੱਟੀ ਜਾਂਦੇ, ਹਾਕਮ ਵੱਢੀ ਖ਼ੋਰ।

ਇਸ ਧਰਤੀ ਦੇ ਸਾਰੇ ਬੰਨੇ।
ਫਿਰਦੇ ਸਭ ਹੰਕਾਰ 'ਚ ਅੰਨ੍ਹੇ।
ਆਪਾ ਧਾਪੀ ਰੂਹ ਸੰਤਾਪੀ,
ਦੱਸੋ ਕਿਹੜਾ ਕੀਹਦੀ ਮੰਨੇ?

ਚੁਰਸਤੇ ਮੋਮਬੱਤੀ ਧਰਦੇ ਰਹੀਏ।
ਹਨੇਰੇ ਨਾਲ "ਦੋ ਹੱਥ" ਕਰਦੇ ਰਹੀਏ।

ਧਰਤੀ ਨਾਦ/ 100