ਪੰਨਾ:ਦੰਪਤੀ ਪਿਆਰ.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸਨ, ਉਹ ਇਹ ਸਮਝਦੇ ਕਿ ਬਾਬਾ ਜੀ ਦੀ ਧੀ ਬਹੁਤ ਦਿਨਾਂ ਪਿੱਛੋਂ ਆਪਣੇ ਪੇਕੇ ਆਈ ਹੈ।

ਬਾਬਾ ਜੀ ਆਏ ਗਏ ਮੁਸਾਫਰ ਨੂੰ ਰੋਟੀ ਪਾਣੀ: ਪ੍ਰੇਮ ਨਾਲ ਛਕਾਉਂਦੇ ਅਤੇ ਰਹਿਣ ਨੂੰ ਮੰਜੀ ਆਦਿਕ ਭੀ ਦੇਂਦੇ ਸਨ। ਮੁਸਾਫਰ ਉੱਥੇ ਬਹੁਤ ਅਰਾਮ ਨਾਲ ਰਹਿ ਕੇ ਜਾਂਦੇ ਅਤੇ ਬਾਬਾ ਜੀ ਦੀ ਉਪਮਾ ਕਰਦੇ ਸਨ। ਬਾਬਾ ਜੀ ਅਤੇ ਉਨ੍ਹਾਂ ਦੀ ਇਸਤ੍ਰੀ ਕਦੇ ਭੀ ਨਿਕੰਮੇਂ ਨਹੀਂ ਬੈਠਦੇ ਸਨ। ਕੋਈ ਨਾ ਕੋਈ ਕਾਰ ਵਿਹਾਰ ਕਰਦੇ ਰਹਿਣਾ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਜਾਣਾ। ਬਾਬਾ ਜੀ ਤਾਂ ਪਸ਼ੂਆਂ ਦਾ ਘਾਹ ਅਤੇ ਬਾਲਣ ਲਈ ਲੱਕੜਾਂ ਇਕੱਠੀਆਂ ਕਰਦੇ ਰਹਿੰਦੇ ਸਨ ਤੇ ਉਹਨਾਂ ਦੀ ਇਸਤਰੀ ਆਏ ਗਏ ਨੂੰ ਪ੍ਰਸ਼ਾਦ ਛਕਾਉਂਦੀ, ਘਰ ਦਾ ਸਾਰਾ ਕੰਮ ਚੌਂਕਾ ਭਾਂਡਾ, ਪਸ਼ੂਆਂ ਦਾ ਗੁਤਾਵਾਂ ਆਦਿਕ ਕਰਦੀ। ਜੇ ਕਿਸੇ ਵੇਲੇ ਵੇਹਲੀ ਹੁੰਦੀ ਤਾਂ ਚਰਖਾ ਲੈ ਕੇ ਸੂਤ ਹੀ ਕੱਤਦੀ ਸੀ।

ਭਾਵੇਂ ਸਰੂਪ ਕੌਰ ਨੂੰ ਇਥੇ ਆਉਣ ਵਿਚ ਬਹੁਤ ਸੁਖ ਮਿਲ ਚੁਕਾ ਸੀ, ਪਰ ਉਸ ਦੇ ਮਨ ਨੂੰ ਸ਼ਾਂਤੀ ਨਹੀਂ ਸੀ। ਉਸ ਦਾ ਮਨ ਹਰ ਵੇਲੇ ਆਪਣੇ ਪਤੀ ਦੇ ਚਰਨਾਂ ਵਿਚ ਸੀ। ਇਸ ਚਿੰਤਾ ਵਿਚ ਉਸ ਦਾ ਮਨ ਗ੍ਰਸਤ ਰਹਿੰਦਾ ਸੀ, ਪਰ ਬਾਬਾ ਜੀ, ਉਹਨਾਂ ਦੀ ਇਸਤਰੀ ਅਤੇ ਮਾਤਾ ਹਰ ਵੇਲੇ ਉਸ ਨੂੰ ਧੀਰਜ ਦੇਂਦੀਆਂ, ਅਤੇ ਖ਼ੁਸ਼ ਰੱਖਣ ਦਾ ਯਤਨ ਕਰਦੀਆਂ ਸਨ।

ਬਾਬਾ ਜੀ ਦੀ ਧਰਮਸਾਲ ਗੁਰੂ ਨਾਨਕ ਜੀ ਦੀ ਧਰਮਸਾਲ ਸੀ। ਭਾਵੇਂ ਉਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਬਿਰਾਜਮਾਨ ਸਨ ਪਰ ਬਾਣੀ ਦੀਆਂ ਛੋਟੀਆਂ ਪੋਥੀਆਂ ਉਥੋਂ ਮੌਜੂਦ ਸਨ। ਉਹਨਾਂ ਨੂੰ ਹੀ ਵੱਡੇ ਆਦਰ ਭਾਵ ਨਾਲ ਰੱਖਿਆ ਅਤੇ ਪਾਠ ਕੀਤਾ ਜਾਂਦਾ ਸੀ। ਇਥੇ ਹਰ ਤਰ੍ਹਾਂ ਨਾਲ ਸ਼ਾਂਤ ਵਾਤਾਵਰਨ ਜਾਪਦਾ ਸੀ, ਜੋ ਮਨ ਨੂੰ ਇਕਾਗਰਤਾ ਪ੍ਰਦਾਨ ਕਰਦਾ ਸੀ।

206