ਪੰਨਾ:ਦੰਪਤੀ ਪਿਆਰ.pdf/180

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਕੀ ਸੌਗੰਦ ਖਾਇ ਕੇ ਕਹਿਤ ਹੈਂ ਕਿ ਹਮ ਤੋਇ ਬਹਨ ਕੀ ਨਾਈਂ ਰਾਖੈਂਗੇ। ਤੂੰ ਡਰਪੈ ਮਤ। ਅਬ ਹਮਾਰੇ ਸੰਗ ਚਲ, ਨਹੀਂ ਤੇ ਫਿਰ ਕਛੂ ਯਹਾਂ ਬਖੇੜੋ ਹੋਇ ਜਾਇਗੋ।"

ਚੋਬਿਆਂ ਦੇ ਇਹ ਕਹਿਣ ਤੋਂ ਸਰੂਪ ਕੌਰ ਨੂੰ ਪੱਕਾ ਨਿਸਚਾ ਤਾਂ ਨਾ ਹੋਇਆ। ਪਿੰਡ ਦੇ ਆਦਮੀ ਬਿਲਕੁਲ ਓਪਰੋ ਸਨ। ਸਰੂਪ ਕੌਰ ਚਾਰ ਪੰਜ ਦਿਨ ਉਸ ਪਿੰਡ ਵਿਚ ਰਹਿ ਕੋ ਭੀ ਇਹ ਨਾ ਜਾਣ ਸਕੀ ਕਿ ਇਹ ਕਿਨ੍ਹਾਂ ਲੋਕਾਂ ਦੀ ਵਸਤੀ ਹੈ। ਉਹ ਗੁਆਲ ਜਾਤ ਦੇ ਬ੍ਰਾਹਮਣ ਸਨ ਅਤੇ ਭਿੱਛਿਆ ਮੰਗਣ ਵਾਸਤੇ ਹੀ ਗੁਆਲੇ ਬਣੇ ਫਿਰਦੇ ਸਨ। ਉਹਨਾਂ ਨੇ ਦਇਆ ਕਰ ਕੇ ਸਰੂਪ ਕੌਰ ਦੇ ਪ੍ਰਾਣ ਬਚਾਏ ਸਨ, ਇਸ ਲਈ ਉਨ੍ਹਾਂ ਦੀ ਦਇਆ ਦੇ ਭਾਰ ਹੇਠ ਓਹ ਦਬੀ ਹੋਈ ਸੀ। ਕਈ ਦਿਨ ਤਕ ਓਹਨਾਂ ਦੇ ਪਾਸ ਰਹਿ ਕੇ ਓਹਨਾਂ ਦੀ ਚਾਲ ਢਾਲ ਭੀ ਓਹ ਚੰਗੀ ਤਰ੍ਹਾਂ ਪਰਖ ਚੁਕੀ ਸੀ! ਉਸ ਨੂੰ ਇਹ ਨਿਸਚਾ ਸੀ ਕਿ ਜੇਕਰ ਧੋਖਾ ਹੋ ਸਕਦਾ ਹੈ ਤਾਂ ਅਕੱਲੋਂ ਦੁਕੱਲੇ ਆਦਮੀ ਪਾਸੋਂ। ਇਹ ਇਕ ਦੋ ਨਹੀਂ, ਚਾਰ ਆਦਮੀ ਹਨ, ਇਸ ਲਈ ਸਰੂਪ ਕੌਰ ਬਹੁਤ ਨਾਂਹ-ਨੁੱਕਰ ਪਿੱਛੋਂ ਉਹਨਾਂ ਦੇ ਹਠ ਕਰਨ ਕਰ ਕੇ ਨਾਲ ਜਾਣ ਲਈ ਤਿਆਰ ਹੋਈ। ਓਹਨਾਂ ਦੇ ਨਾਲ ਜਾਣ ਵਿਚ ਉਲਟੇ ਉਸ ਨੇ ਕਈ ਲਾਭ ਸਮਝੇ ਸਨ। ਇਕ ਤਾਂ ਇਹ ਕਿ ਓਸ ਨੇ ਕਿਸੇ ਤਰ੍ਹਾਂ ਆਪਣੇ ਦੁੱਖ ਦੇ ਦਿਨ ਪੂਰੇ ਕਰਨੇ ਸਨ। ਉਹ ਦੁੱਖ ਸਹਿੰਦੀ ਸਹਿੰਦੀ ਇੰਨੀ ਪੱਕੀ ਹੋ ਗਈ ਸੀ ਕਿ ਹੁਣ ਉਸ ਦੇ ਦਿਲੋਂ ਕਿਸੇ ਦਾ ਡਰ ਬਿਲਕੁਲ ਜਾਂਦਾ ਰਿਹਾ ਸੀ। ਆਪਣਾ ਪਤਿਬ੍ਰਤ ਧਰਮ ਪਾਲਣ ਲਈ ਭੀ ਹਰਦਮ ਤਿਆਰ ਸੀ। ਬਸ ਇਹਨਾਂ ਕਾਰਨਾਂ ਕਰ ਕੇ ਓਹ ਓਹਨਾਂ ਦੇ ਨਾਲ ਜਾਣ ਲਈ ਰਾਜ਼ੀ ਹੋ ਗਈ। ਉਹ ਆਪੋ ਆਪਣੀ ਬੋਲੀ ਚੁੱਕ ਕੇ ਉਸੇ ਤਰ੍ਹਾਂ ਮੰਗਦੇ ਖਾਂਦੇ ਜਾਣ ਲੱਗੇ, ਇਸ

ਬਹਾਨੇ ਸਰੂਪ ਕੌਰ ਨੂੰ ਆਪਣੇ ਪਤੀ ਦੇ ਲੱਭਣ ਦਾ ਭੀ ਚੰਗਾ ਸਮਾਂ ਹੱਥ ਲੱਗਾ।

174