ਪੰਨਾ:ਦੁੱਲਾ ਭੱਟੀ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਚਲੀਏ। ਚੰਗੀ ਜਗਾ ਦੇਖੋ ਫੇਰਾ ਪਾ ਚਲੀਏ। ਕਰੇ ਜਿਹੜਾ ਦਿਲ ਤੁਸਾਂ ਸੋਈ ਖਾਵਣਾ। ਰੋਜ਼ ਨਾ ਲਾਹੌਰ ਵਿਚ ਫੇਰਾ ਪਾਵਣਾ। ਕਰਕੇ ਸਲਾਹ ਸਭੀ ਹੈਸੀ ਜਾਂਵਦੇ। ਝਟ ਹਲਵਾਈਆਂ ਦੀ ਤਰਫ ਧਾਂਵਦੇ। ਜਾ ਕੇ ਬਜ਼ਾਰ ਵਿਚ ਸ਼ੋਰ ਪਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾ। ਪੀਂਵਦੇ ਦੁੱਧ ਤੇ ਮਲਾਈ ਖਾਂਵਦੇ। ਬੋਲਦਾ ਜੇ ਕੋਈ ਸੀ ਉਹਨੂੰ ਡਰਾਂਵਦੇ। ਤੇਗ ਦਾ ਸ਼ਿਤਾਬੀ ਖਿਚ ਲੈ ਬਨਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾ। ਥੋਹੜੀ ਘਨੀ ਖਾਂਦੇ ਤੇ ਖਰਾਬ ਕਰਦੇ। ਬਾਦਸ਼ਾਹ ਕੋਲੋਂ ਨਹੀਂ ਮੂਲ ਡਰਦੇ। ਚਕ ਕੇਤੇ ਬਾਕੀ ਪਲੇ ਵਿਚ ਪਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾ। ਖਾ ਕੇ ਮਿਠਾਈ ਨਾਲੇ ਗਲੇ ਲੁਟਦੇ। ਬੋਲਦਾ ਜੇ ਕੋਈ ਓਹਨੂੰ ਖੂਬ ਕੁਟਦੇ। ਰਜ ਕੇ ਕਿਸ਼ਨ ਸਿੰਘ ਉਠ ਧਾਵਣਾ। ਰੋਜ਼ ਨਾ ਲਾਹੌਰ ਵਿਚ ਫੇਰਾ ਪਾਵਣਾ।

ਇਕ ਬ੍ਰਾਹਮਣ ਨੇ ਦੁਲੇ ਪਾਸ ਫਰਿਆਦ ਕਰਨੀ ਕਸਾਈਆਂ ਤੋਂ ਤੰਗ ਆ ਕੇ

ਫਿਰ ਨਿਕਲ ਬਜ਼ਾਰ ਤੋਂ ਬਾਹਰ ਆਇਆ ਤੁਲਸੀ ਰਾਮ ਬ੍ਰਾਹਮਣ ਨੇ ਘੇਰਿਆ ਸੂ। ਸਾਨੂੰ ਦੁਖੀ ਕਸਾਈਆਂ ਨੇ ਬਹੁਤ ਕੀਤਾ ਸ਼ਾਹ ਨੇ ਫੈਸਲਾ ਨਹੀਂ ਨਿਬੇੜਿਆ ਸੂ। ਤੇਰਾ ਨਾਮ ਸੁਣ ਕੇ ਅਰਜ ਆਣ ਕੀਤੀ ਸੁਣਦਿਆਂ ਸਾਰ ਦੁਲੇ ਘੋੜਾ ਫੇਰਿਆ ਸੂ। ਦੁਲਾ ਮਾਰ ਧਾੜ ਜਾਇਕੇ ਬਹੁਤ ਕਰਦਾ ਐਪਰ ਕਾਲੀਆਂ ਸਾਹਮਣੇ ਧਰਿਆ ਸੂ। ਨਾਲ ਕਢ ਕੇ ਛੁਰੀਆਂ ਵਖਾਣ ਲਗੇ ਤੇਰਾ ਬਾਪ ਦਾਦਾ ਜਿਵੇਂ ਚੀਰਿਆ ਸੂ। ਖਲਾਂ ਭੂਸ ਦੇ ਨਾਲ ਭਰਾਇਕੇ ਤੇ ਸਿਰ ਕੁਲੇ ਦੇ ਨਾਲ ਨਖੇਰਿਆ ਸੂ। ਬਾਕੀ ਹਡ ਤੇ ਮਾਸ ਸਭ ਕੁਤਿਆਂ ਨੂੰ ਵੇਖੋ ਦੁਖ ਹੀ ਜਾ ਬਖੇਰਿਆ ਸੂ। ਜਦੋਂ ਦੁਲੇ ਨੂੰ ਇਤਨੀ ਗਲ ਆਖੀ ਘੋੜਾ ਗੁਸੇ ਨਾਲ ਚਮਕੇਰਿਆ ਸੂ। ਕਈ ਸਿਰ ਜਾ ਤਨ ਤੋਂ ਜੁਦਾ ਕੀਤੇ ਫਿਰ ਔਰਤਾਂ ਤੇ ਪਲੂ ਫੇਰਿਆ ਸੂ। ਪਾਏ ਰੱਬ ਦੇ ਵਾਸਤੇ ਕਿਸ਼ਨ ਸਿੰਘਾ ਘੋੜਾ ਫੇਰ ਪਿਛਾਂਹ ਨੂੰ ਫੇਰਿਆ ਸੂ।