ਪੰਨਾ:ਦੁਖੀ ਜਵਾਨੀਆਂ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ

ਝੰਡੂ ਹੁਣ ਆਪਣੇ ਪਿੰਡ ਵਿਚ ਸਭ ਤੋਂ ਗਰੀਬ ਸੀ। ਜਿਸ ਵੇਲੇ ਮਾਇਆ ਵੰਡਣ ਲਗਾ ਸੀ ਈਸ਼ਵਰ, ਉਸ ਵੇਲੇ ਝੰਡ ਸਾਰਿਆਂ ਤੋਂ ਪਿਛੇ ਰਹਿ ਗਿਆ ਸੀ, ਇਸੇ ਲਈ ਪੈਸੇ ਵਲੋਂ ਉਸ ਦਾ ਹੱਥ ਹਰ ਵੇਲੇ ਤੰਗ ਰਹਿੰਦਾ ਸੀ। ਸੰਤਾਨ ਦੀ ਵੰਡ ਵੇਲੇ ਪ੍ਰਮਾਤਮਾਂ ਨੂੰ ਸ਼ਾਇਦ ਉਸ ਉਤੇ ਤਰਸ ਆਇਆ ਸੀ ਕਿ ਗੁਸਾ, ਇਹ ਤਾਂ ਕਿਹਾ ਨਹੀਂ ਜਾ ਸਕਦਾ, ਪਰ ਹਾਂ ਉਸ ਦੇ ਘਰ ਵੀ ਲੜਕੀਆਂ ਸਨ ਅਤੇ ਸਤਵੀਂ ਨੂੰ ਹੁਣ ਉਤਪੰਨ ਹੋਈ ਸੀ। ਸਤਵੀਂ ਲੜਕੀ ਦੇ ਜਨਮ ਦੇ ਨਾਲ ਹੀ ਪਤੀ ਪਤਨੀ ਦਾ ਸਾਥ ਛੁਟ ਗਿਆ। ਹੁਣ ਦੁਖ ਵੰਡਾਣ ਵਾਲੀ ਉਸ ਦੀ ਸਾਥਣ ਸਦਾ ਲਈ, ਹੋਰਨਾਂ ਵਾਂਗ, ਉਸ ਨੂੰ ਛਡ ਕੇ ਚਲੀ ਗਈ ਸੀ। ਉਹ ਕੱਲਾ, ਅਤੇ ਉਸ ਦੀਆਂ ਲੜਕੀਆਂ ਸਨ ਸੱਤ।

ਕੋਈ ਸਮਾਂ ਸੀ ਕਿ ਜਦ ਝੰਡੂ ਨੂੰ ਲਾਲਾ ਝੰਡਾ ਮਲ ਕਿਹਾ ਜਾਂਦਾ ਸੀ। ਉਸ ਵੇਲੇ ਉਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਤਿੰਨਾਂ ਲੜਕੀਆਂ ਦੇ ਵਿਆਹਾਂ ਦੇ ਦਾਜ ਉਤੇ, ਵਿਤੋਂ ਵਧ ਖਰਚ ਹੋ ਜਾਣ ਕਰ ਕੇ ਹੁਣ ਲਾਲਾ ਝੰਡਾ ਮਲ ਤੋਂ ਉਹ ਝੰਡੂ ਹੋ ਗਿਆ ਸੀ। ਅਜੇ ਤਕ ਵੀ ਪਿੰਡ ਦਾ ਸੁਨਿਆਰਾ, ਜਦ ਝੰਡੂ, ਜੰਗਲ ਤੋਂ ਲਕੜੀਆਂ ਕਟ ਕੇ ਵੇਚਣ ਲਈ ਕੱਠੀਆਂ ਕਰ ਲਿਆਉਂਦਾ, ਤਾਂ ਉਹ ਰਸਤੇ ਵਿਚ ਹੀ ਉਸ ਨੂੰ ਕਚਹਿਰੀ ਵਿਚ ਨਾਲਸ਼ ਕਰਨ ਦਾ ਡਰਾਵਾ ਦੇਂਦਾ,