ਪੰਨਾ:ਦੁਖੀ ਜਵਾਨੀਆਂ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-27-

ਪਗਲਾ

ਹੌਲੀ ਹੌਲੀ ਜਾ ਕੇ ਉਹ ਪਗਲੇ ਦੇ ਕੋਲ ਅੱਗ ਬਾਲ ਆਉਂਦੀ। ਅੱਗ ਬਾਲ ਕੇ ਆ ਕੇ ਵੀ ਉਸ ਦੀ ਵਿਆਕੁਲਤਾ ਘਟਦੀ ਨਹੀਂ। ਉਹ ਸੋਚਦੀ-'ਪਗਲਾ ਕਿਤੇ ਅੱਗ ਨਾਲ ਆਪਣੇ ਹਥ ਪੈਰ ਨਾ ਸਾੜ ਲਵੇ।' ਤਾਰਾਂ ਦਾ ਆਪਣਾ ਜੀਵਨ ਵੀ ਇਕ ਵਿਧਵਾ ਦਾ ਜੀਵਨ ਸੀ ਪਰ ਪਗਲੇ ਦੀਆਂ ਗੱਲਾਂ ਸੋਚ ਸੋਚ ਕੇ ਉਸ ਦੇ ਦੁਖਾਂ ਵਿਚ ਵਾਧੇ ਪਈ ਜਾਂਦੇ ਸਨ।

ਸਾਰਿਆਂ ਤੋਂ ਵਧ ਉਸ ਨੂੰ ਇਹ ਸੋਚ ਕੇ ਦੁਖ ਹੁੰਦਾ ਸੀ ਕਿ ਉਹ ਅਭਾਗਾ ਆਪਣੇ ਮੰਦ ਭਾਗੀ ਹੋਣ ਦੀ ਕੋਈ ਗੱਲ ਨਹੀਂ ਸਮਝਦਾ। ਐਨਾ ਦੁਖ ਹੋਣ ਤੇ ਵੀ ਉਹ ਅਨੰਦ ਨਾਲ ਭਰਪੂਰ ਹੈ, ਇਹ ਗੱਲ ਸੋਚਣ ਨਾਲ ਤਾਰਾ ਦਾ ਦਿਲ ਟੋਟੇ ਟੋਟੇ ਹੋ ਜਾਂਦਾ। ਈਸ਼ਵਰ ਨੇ ਪਗਲੇ ਨੂੰ ਸਾਰੇ ਸੁਖਾਂ ਤੋਂ ਵਾਂਝਿਆਂ ਰਖਿਆ ਹੈ, ਪਰ ਸਮਝਣ ਦੀ ਸਾਰੀ ਸ਼ਕਤੀ ਵੀ ਕਿਉਂ ਖੋਹ ਲੀਤੀ ਹੈ?-ਤਾਰਾ ਨੂੰ ਭਾਸਦਾ, ਇਹੋ ਉਸ ਦਾ ਵਡਾ ਦੁਖ ਹੈ। (ਹਾਲਾਂ ਕਿ ਈਸ਼ਵਰ ਨੇ ਇਹੋ ਹੀ ਇਕ ਸੁਖ ਪਗਲੇ ਨੂੰ ਦਿੱਤਾ ਹੋਇਆ ਸੀ। ਕਿਉਂਕਿ ਦੁਖੀ ਹੋਣ ਤੇ ਵੀ ਸੋਚ ਸ਼ਕਤੀ ਨਾਸ ਹੋ ਜਾਣ ਕਰਕੇ ਉਸ ਨੂੰ ਦੁਖ, ਦੁਖ ਪ੍ਰਤੀਤ ਨਹੀਂ ਹੁੰਦਾ ਸੀ) ਪਰ ਤਾਰਾ ਦੇ ਖਿਆਲਾਂ ਅਨੁਸਾਰ ਇਹੋ ਈਸ਼ਵਰ ਦਾ ਵੱਡਾ ਅਨਿਆਇ ਸੀ। ਇਸੇ ਲਈ ਜਦ ਸਾਰੇ ਪਗਲੇ ਦਾ ਨਾਚ ਵੇਖ ਵੇਖ ਕੇ ਹਸ ਰਹੇ ਸਨ ਤਾਂ ਉਹ ਬਾਰੀ ਦੀ ਸੀਖ ਫੜ ਕੇ, ਇਕ ਟੱਕ ਪਗਲੇ ਦੇ ਅਸੁੰਦਰ, ਗੰਦੇ ਮੂੰਹ ਵਲ ਤਕਦੀ ਤ੍ਰਿਪ ਤ੍ਰਿਪ ਅਥਰੂ ਕੇਰ ਰਹੀ ਸੀ। ਫੇਰ ਪਗਲੇ ਨੂੰ ਪਿਤਾ ਦੇ ਹਥੋਂ ਡੰਡੇ ਵਜਦੇ ਵੇਖ ਕੇ, ਉਸ ਦਾ ਹਿਰਦਾ ਪਗਲੇ ਦੀ ਵੇਦਨਾ ਸਮਝ ਕੇ ਬਰਫ ਵਾਂਗ ਜੰਮ