ਪੰਨਾ:ਦੀਵਾ ਬਲਦਾ ਰਿਹਾ.pdf/99

ਇਹ ਸਫ਼ਾ ਪ੍ਰਮਾਣਿਤ ਹੈ

ਦੇ ਪਰਕਾਸ਼ ਨਾਲ ਉਜਾਗਰ ਕਰ ਦਿਆਂ। ਪਰ ਸ਼ਾਂਤਾ ਇਹ ਕੁਝ ਮੇਰੇ ਵਰਗੇ ਇਕ ਦੋਹਾਂ ਦੇ ਜਤਨਾਂ ਨਾਲ ਨਹੀਂ ਹੋ ਸਕਦਾ। ਇਸ ਲਈ ਸਾਂਝੇ ਉਦਮ ਅਤੇ ਕੁਰਬਾਨੀ ਦੀ ਲੋੜ ਹੈ। ਮੈਂ ਆਪਣੇ ਪਿਤਾ ਦੇ ਲਹੁ ਪਸੀਨਾ ਇਕ ਕਰਕੇ ਕਮਾਏ ਹੋਏ ਸਵਾ ਸੌ ਰੁਪਏ ਵਿਚੋਂ ਚਾਰ ਭੈਣ ਭਰਾਵਾਂ ਦੀਆਂ ਲੋੜਾਂ ਅਣਡਿਠ ਕਰਕੇ ਚਾਲੀ ਰੁਪਏ ਲੈ ਆਉਂਦਾ ਹਾਂ, ਪਰ ਫਿਰ ਵੀ ਮੇਰੀ ਜੇਬ ਮਹੀਨੇ ਦੇ ਦੂਜੇ ਹਫ਼ਤੇ ਹੀ ਖ਼ਾਲੀ ਹੋ ਜਾਂਦੀ ਹੈ। ਪੈਸੇ ਦੀ ਘਾਟ ਅਤੇ ਸਹਿਯੋਗ ਦੀ ਬੁੜ ਮੇਰੇ ਰਾਹ ਵਿਚ ਦੋ ਵਡੀਆਂ ਰੋਕਾਂ ਹਨ।" ਇਹ ਸੁਣ ਕੇ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨ। ਉਨ੍ਹਾਂ ਦੀ ਸੇਜਲ ਪਿਛੇ ਕਿਸੇ ਨਵੀਂ ਉਮੰਗ ਦਾ ਉਤਸ਼ਾਹ-ਭਰਪੂਰ ਝਾਉਲਾ ਦਿਸ ਰਿਹਾ ਸੀ।

ਤੇ ਉਸ ਪਿਛੋਂ ਉਹ ਵੀ ਸਤੀਸ਼ ਨਾਲ ਹਫ਼ਤੇ ਵਿਚ ਅੱਠ ਅੱਠ ਪੀਰੀਅਡ ਮਿਸ ਕਰਨ ਲਗ ਪਈ। ਹਰ ਤੀਜੇ ਦਿਨ ਉਹ ਹੋਸਟਲ ਜਾਂ ਜਮਾਤ ਵਿਚੋਂ ਲਾਪਤਾ ਹੁੰਦੇ। ਵਿਦਿਆਰਥੀਆਂ ਵਿਚ ਘੁਸਰਮੁਸਰ ਹੋਈ, ਪ੍ਰੋਫ਼ੈਸਰਾਂ ਨੇ ਸ਼ੱਕੀ ਨਜ਼ਰਾਂ ਨਾਲ ਘੂਰਿਆ, ਹੋਸਟਲ ਸੁਪ੍ਰਿੰਟੈਡੈਂਟ ਨੇ ਤਾੜਨਾ ਕੀਤੀ ਅਤੇ ਅਖ਼ੀਰ ਗੱਲ ਜਾ ਪਹੁੰਚੀ ਪ੍ਰਿੰਸੀਪਲ ਤਕ। ਪਰ ਪ੍ਰੋਫ਼ੈਸਰਾਂ ਦੀਆਂ ਘੁਰਕੀਆਂ, ਜੁਰਮਾਨਿਆਂ ਦੇ ਗ਼ਮ, ਲੋਕਾਂ ਦੀਆਂ ਦੰਦ-ਕਥਾਵਾਂ, ਕੁੜੀਆਂ ਦੇ ਮਖ਼ੌਲ, ਸਾਥੀ ਮੁੰਡਿਆਂ ਦੀਆਂ ਟਿਚਕਰਾਂ ਉਨ੍ਹਾਂ ਦਾ ਕੁਝ ਨਾ ਵਿਗਾੜ ਸਕੀਆਂ। ਇਸ ਸੰਭ ਕੁਝ ਤੋਂ ਲਾ-ਪਰਵਾਹ ਉਹ ਤੁਰੇ ਗਏ ਆਪਣੇ ਆਸ਼ੇ ਵਲ।’

ਨੀਲੇ ਅਕਾਸ਼ ਤੇ ਇਕ ਤਾਰਾ ਹੌਲੀ ਹੌਲੀ ਚੰਦ ਦੇ ਨੇੜੇ ਆ ਰਿਹਾ ਸੀ। ਸ਼ਾਂਤਾ ਨੂੰ ਲੱਗਾ, ਜਿਵੇਂ ਚੰਦ ਦੀ ਚਾਨਣੀ ਨਾਲ ਤਾਰਾ ਹੋਰ ਵੀ ਰੌਸ਼ਨ ਹੋ ਗਿਆ ਹੋਵੇ। ਉਸ ਫਿਰ ਕਮਰੇ ਵਲ ਵੇਖਿਆ।

ਦੀਵਾ ਬਲਦਾ ਰਿਹਾ

੯੯