ਪੰਨਾ:ਦੀਵਾ ਬਲਦਾ ਰਿਹਾ.pdf/107

ਇਹ ਸਫ਼ਾ ਪ੍ਰਮਾਣਿਤ ਹੈ

"ਪਤਾ ਨਹੀਂ ਕਿਉਂ, ਤੇਰੀ ਕਹਾਣੀ ਸੁਣਨ ਤੇ ਬੜਾ ਜੀਅ ਕਰਦਾ ਹੈ। ਤੇਰੇ ਠੰਢੇ ਹਾਉਕੇ ਸੱਚ ਮੁੱਚ ਮੇਰੇ ਦਿਲ ਨੂੰ ਚੀਰ ਜਾਂਦੇ ਹਨ। ਸਤੀਸ਼ ! ਕੀ ਮੈਂ ਤੇਰੇ ਦੁੱਖ ਦਾ ਭਾਈਵਾਲ ਨਹੀਂ ਬਣ ਸਕਦਾ ? ਹਾਂ ਸੱਚੀਂ, ਕਲ ਉਹ ਫ਼ੋਟੋ ਕਿਸ ਦੀ ਸੀ ਜੋ ਤੂੰ......?’

ਸਤੀਸ਼ ਚੁੱਪ ਚਾਪ ਬੈਠਾ ਰਿਹਾ। ਉਸ ਦੀਆਂ ਅੱਖਾਂ ਸਿਧੀਆਂ ਦੀਵਾਰ ਤੇ ਟਿਕੀਆਂ, ਪਤਾ ਨਹੀਂ ਕੀ ਲਭ ਰਹੀਆਂ ਸਨ ?

ਮੈਂ ਫਿਰ ਆਖਿਆ, "ਸਤੀਸ਼ ! ਮੇਰੇ ਕੋਲੋਂ ਕੁਝ ਨਾ ਲੁਕਾ। ਸ਼ਾਇਦ ਮੈਂ ਤੇਰੇ ਕੁਝ ਮਦਦ ਕਰ ਸਕਦਾ ਹੋਵਾਂ।"

"ਮੇਰੀ ਮਦਦ ਤੂੰ ਨਹੀਂ ਕਰ ਸਕਦਾ, ਇਸ ਦਾ ਮੈਨੂੰ ਵਿਸ਼ਵਾਸ ਹੈ। ਪਰ ਸੁਣੇਂਗਾ ਮੇਰੀ ਕਹਾਣੀ ?"

"ਹਾਂ, ਜ਼ਰੂਰ", ਕਹਿ ਕੇ ਮੈਂ ਜਿਤ ਜਹੀ ਅਨੁਭਵ ਕੀਤੀ।

ਸਤੀਸ਼ ਨੇ ਖੰਘੂਰਾ ਮਾਰ ਕੇ, ਗਲਾ ਸਾਫ਼ ਕੀਤਾ ਅਤੇ ਕਹਾਣੀ ਅਰੰਭੀ- ‘ਪੰਜ ਕੁ ਵਰ੍ਹਿਆਂ ਦੀ ਗੱਲ ਹੈ, ਮੈਂ ਦਿਆਲ ਸਿੰਘ ਕਾਲਜ, ਲਾਹੌਰ ਐਮ. ਏ. ਵਿਚ ਪੜ੍ਹਦਾ ਸਾਂ। ਥਰਡ ਈਅਰ ਦੀ ਇਕ ਸਟੂਡੈਂਟ ਸ਼ਸ਼ੀ ਨਾਲ ਮੇਰੀ ਲਵ-ਮੈਰਿਜ਼ ਹੋ ਗਈ। ਸਾਡਾ ਵਿਵਾਹਤ ਜੀਵਨ ਬੜੀ ਖੁਸ਼ੀ ਨਾਲ ਬੀਤ ਰਿਹਾ ਸੀ। ਅੱਖਾਂ ਮੀਟਿਆਂ ਸਾਢੇ ਤਿੰਨ ਸਾਲ ਬੀਤ ਗਏ। ਮੈਂ ਤਾਂ ਕਦੇ ਖ਼ਿਆਲ ਨਹੀਂ ਸੀ ਕੀਤਾ, ਪਰ ਸ਼ਸ਼ੀ ਨੂੰ ਬੱਚੇ ਦੀ ਬੜੀ ਖਾਹਿਸ਼ ਸੀ। ਉਹ ਮੈਨੂੰ ਕਈ ਦਵਾਈਆਂ ਲਿਆਉਣ ਲਈ ਮਜਬੂਰ ਕਰਦੀ ਰਹਿੰਦੀ। ਮਹੀਨੇ, ਦੋ ਮਹੀਨਿਆਂ ਬਾਅਦ ਜ਼ਨਾਨੇ ਹਸਪਤਾਲੋਂ ਵੀ ਹੋ ਆਉਂਦੀ। ਮੰਦਰ ਜਾ ਕੇ ਵੀ ਮੱਥਾ ਰਗੜਦੀ, ਸੁਖਣਾਂ ਸੁਖਦੀ, ਪਾਠ ਕਰਦੀ ਰਹਿੰਦੀ ਅਤੇ ਹਰ ਮੰਗਲਵਾਰ ਪ੍ਰਸ਼ਾਦ ਵੀ ਕਰਾਇਆ ਕਰਦੀ।

ਦੀਵਾ ਬਲਦਾ ਰਿਹਾ

੧੦੭