ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/95

ਇਹ ਸਫ਼ਾ ਪ੍ਰਮਾਣਿਤ ਹੈ

(੮੧)

ਗਰ ਗੁਮ ਸ਼ੁਦਹ ਰਾ ਰਹ ਨੁਮਾਈ ਚ ਸ਼ਵਦ॥

ਗੋਯਾਸਤ-[ਗੋਯਾ+ਅਸਤ] ਨੰਦ ਲਾਲ ਹੈ। ਬ ਹਰ ਤਰਫ਼-ਸਭਨਾਂ ਤਰਫਾਂ ਵਿਚ। ਸੁਰਾਗ਼ ਤ-ਤੇਰਾ ਸੁਰਾਗ਼, ਤੇਰਾ ਪਤਾ-ਨਿਸ਼ਾਨ। ਜੋਯਾ-ਲਭ ਰਿਹਾ। ਗੁਰ-ਜੇਕਰ। ਗੁਮ ਸ਼ੁਦਹ-ਗੁੰਮ ਹੋ ਚੁਕੇ, ਭੁੱਲੇ ਹੋਏ। ਰਾ-ਨੂੰ। ਰਹ ਨੁਮਾਈ-ਰਾਹ ਵਿਖਾ ਦੇਵੋ।

ਅਰਥ–ਨੰਦ ਲਾਲ ਸਭਨਾਂ ਦਿਸ਼ਾਂ ਵਿਚ ਤੇਰਾ ਪਤਾ-ਨਿਸ਼ਾਨ ਲਭ ਰਿਹਾ ਹੈ। ਜੇਕਰ ਭੁੱਲੇ ਹੋਏ ਨੂੰ ਰਾਹ ਵਿਖਾ ਦੇਵੋਗੇ, (ਤਾਂ ਫਿਰ) ਕੀ ਹੋਵੇਗਾ?

ਪੰਜਾਬੀ ਉਲਥਾ–

ਜੋ ਹੇ ਗੁਰ ਤੇ ਪੂਰਨ ਚੰਦ ਜੇਹਾ ਮੁਖ, ਜੇ ਦਿਖਲਾਓ ਤਾਂ ਹੋਵੇ ਕੀ?
ਚੰਦ ਮੇਰੇ, ਅੱਜ ਰਾਤੀਂ ਜੇਕਰ ਆ ਜਾਵੇ ਤਾਂ ਹੋਵੇ ਕੀ?
ਸਾਰਾ ਜਗਤ ਏਹ ਕੈਦੀ ਹੋਯਾ, ਜ਼ੁਲਫ਼ ਤੇਰੇ ਕੇਸਾਂ ਦੀ ਵਿਚ,
ਇਕ-ਦਮ ਜੇਕਰ ਬੰਧਨ ਇਸਦੇ, ਖੋਲ੍ਹ ਦੇਵੋ ਤਾਂ ਹੋਵੇ ਕੀ?
ਜਗਤ ਸਾਰਾ ਹੈ ਤੇਰੇ ਬਾਹਝੋਂ ਅੰਧਾ-ਧੁੰਧ ਗੁਬਾਰ ਹੋਯਾ,
ਸੂਰਜ ਵਾਂਗੂੰ ਜੇ ਆ ਜਾਵੋ, ਤਾਂ ਫਿਰ ਜਗ ਵਿਚ ਹੋਵੇ ਕੀ?
ਇਕ ਛਿਨ ਆਓ, ਬੈਠੋ ਪ੍ਰੀਤਮ, ਮੇਰੇ ਨੈਣਾਂ ਅੰਦਰ ਹੀ,
ਬੈਠ ਮੇਰੇ ਨੈਣਾਂ ਦੇ ਅੰਦਰ ਦਿਲ ਖਸ ਲਵੋ ਤਾਂ ਹੋਵੇ ਕੀ?
ਕਾਲਾ ਤਿਲ ਜੋ ਚੇਹਰੇ ਤੁਧ ਦਾ, ਸਦਕੇ ਉਸ ਤੋਂ ਹੋਵਾਂ ਮੈਂ,
ਨਕਦ ਮੁੱਲ ਤੋਂ ਦੁਨੀਆ ਸਾਰੀ, ਵੇਚ ਦਿਵੋ ਤਾਂ ਹੋਵੇ ਕੀ?
ਤੂੰ ਅੱਖਾਂ ਵਿਚ ਵਸਨੈ ਪ੍ਰੀਤਮ! ਮੈਂ ਹਰੇ ਕੂਚੇ ਟੋਲ ਰਿਹਾ,
ਗੁਪਤ ਪੜਦੇ ਹੇਠੋਂ ਜੇਕਰ, ਮੁਖ ਦਿਖਲਾਓ ਤਾਂ ਹੋਵੇ ਕੀ?
ਨੰਦ ਲਾਲ ਹਰ ਦਿਸ਼ਾ ਦੇ ਅੰਦਰ ਪਤਾ ਤੇਰਾ ਹੈ ਲਭ ਰਿਹਾ,
ਭੁਲੇ ਹੋਏ ਇਸ ਦਿਲ ਮੇਰੇ ਨੂੰ, ਰਾਹ ਦਿਖਲਾਓ ਤਾਂ ਹੋਵੇ ਕੀ?