ਪੰਨਾ:ਦਿਲ ਹੀ ਤਾਂ ਸੀ.pdf/81

ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਆਪ ਨੂੰ ਭੁਲ ਗਿਆ। ਤੇ ਇਉਂ ਸੋਚਣ ਲੱਗਾ ਕਿ ਮੇਰਾ ਉਸ ਨੂੰ ਥੋੜ੍ਹਾ ਜਿਹਾ ਖੁਸ਼ ਕਰਕੇ, ਉਸ ਨੂੰ ਉਸ ਦੇ ਦੁਖਾਂ ਤੋਂ ਬੇਧਿਆਨ ਕਰਨ ਦਾ ਯਤਨ ਵਿਅਰਥ ਗਿਆ।
ਕਿੰਨੇ ਹੀ ਚਿਰ ਪਿਛੋਂ ਕੇਲੀ ਨੇ ਮੈਨੂੰ ਆਖਿਆ “ਬਾਬੂ ਜੀ! ਤੁਮ ਜ਼ਰੂਰ ਮੇਰੀ ਝੁਗੀ ਮੇਂ ਆਨਾ। ਮੇਰੀ ਬੱਚੀ ਕੋ ਦੇਖ ਕਰ ਦੁਆਈ ਲਾ ਦੇਨਾ।ਅੱਛੀ ਸੀ ਦੁਆਈ ਬਾਬੂ ਜੀ।"
ਮੈਂ ਉਸ ਨੂੰ ਵਚਨ ਦਿਤਾ ਕਿ ਮੈਂ ਛੇਤੀ ਹੀ ਉਸਦੀ ਝੁੱਗੀ ਵਿਚ ਆਵਾਂਗਾ ਤੇ ਉਸਨੂੰ ਕਿਸੇ ਚੰਗੇ ਸਿਆਣੇ ਡਾਕਟਰ ਤੋਂ ਦੁਆਈ ਲਿਆ ਦੇਵਾਂਗਾ।
ਦੁਪਹਿਰ ਦੀ ਛੁੱਟੀ ਵੇਲੇ ਮੈਂ ਉਸਦੇ ਡੇਰੇ ਗਿਆ, ਉਸਦੀ ਬੱਚੀ ਨੂੰ ਵੇਖਿਆ ਤੇ ਕੋਲੀ ਨੂੰ ਦਸਕੇ ਪਈ ਉਸ ਦੀ ਬੱਚੀ ਨੂੰ ਮਮੂਲੀ ਬੁਖਾਰ ਹੈ, ਬਾਈ ਸੈਕਟਰ ਤੋਂ ਦੁਆਈ ਲੈਣ ਚਲੇ ਗਿਆ। ਡਾਕਟਰ ਚੰਦਰ ਮੋਹਨ ਐਮ. ਬੀ., ਬੀ. ਐਸ. ਤੋਂ ਦੁਆਈ ਲੈ ਕੇ ਛੇਤੀ ਹੀ ਵਾਪਸ ਆ ਗਿਆ।

ਮੈਂ ਕੇਲੀ ਨੂੰ ਦੁਆਈ ਦੇ ਆਇਆ ਹਾਂ ਤੇ ਸਮਝਾ ਆਇਆ ਹਾਂ ਕਿ ਦੋ ਗੋਲੀਆਂ ਦੇ ਅੱਠ ਟੋਟੇ ਕਰਕੇ ਇਕ ਟੋਟਾ ਹਰ ਚਾਰ ਘੰਟੇ ਮਗਰੋਂ ਤਾਜ਼ੇ ਪਾਣੀ ਨਾਲ ਦੇਣਾ ਹੈ। ਪਹਿਲੀ ਗੋਲੀ ਦਿੰਦੇ ਸਾਰ ਉਸ ਦੀ ਬੱਚੀ ਨੇ ਅੱਖੀਆਂ ਖੋਲ੍ਹ ਲਈਆਂ ਸਨ। ਕੇਲੀ ਨੂੰ ਯਕੀਨ ਹੋ ਗਿਆ ਕਿ ਉਸਦੀ ਬੱਚੀ ਨੂੰ ਜ਼ਰੂਰ ਅਰਾਮ ਆ ਜਾਏਗਾ। ਕੇਲੀ ਦੀ ਬੱਚੀ ਰਾਜ਼ੀ ਹੋ ਜਾਏਗੀ, ਮੈਨੂੰ ਕਿੰਨੀ ਖੁਸ਼ੀ ਹੋਵੇਗੀ। ਪਰਸੋਂ ਦੋ ਰੁਪਏ ਖ਼ਰਚ ਕੇ ਆਰਾਮ ਨਾ ਆਇਆ ਤੇ ਮੇਰੀਆਂ ਦੋ ਆਨੇ ਦੀਆਂ ਗੋਲੀਆਂ ਨਾਲ ਅਰਾਮ ਆ ਜਾਏਗਾ। ਕੇਲੀ ਮੈਨੂੰ ਅਸੀਸਾਂ ਦੇਵੇਗੀ। ਮੈਂ ਉਸਨੂੰ ਛੇੜਾਂਗਾ ਕਿ ਉਹ ਕਲ ਐਵੇਂ ਹੀ ਰੋਂਦੀ ਸੀ।

- ੯੭ -