ਪੰਨਾ:ਦਿਲ ਹੀ ਤਾਂ ਸੀ.pdf/55

ਇਹ ਸਫ਼ਾ ਪ੍ਰਮਾਣਿਤ ਹੈ

ਮਰੋੜੇ ਦੇ ਦੇ ਕੇ ਉਸਨੂੰ ਭੰਬੀਰੀ ਬਣਾ ਰਹੀ ਸੀ। ਮੇਰੇ ਬਰਾਬਰ ਆਕੇ ਸਾਹਬ ਨੇ ਮੈਨੂੰ ਪੁੱਛਿਆ “ਹੇਈ ਕਿੱਡ" ਮੈਂ ਚੌਕੰਨਾਂ ਹੋਕੇ ਜਵਾਬ ਦਿੱਤਾ ‘ਯਾਹ' ਉਸ ਅੰਗਰੇਜ਼ੀ ਵਿਚ ਮੈਥੋਂ ਪੁੱਛਿਆ ਕਿ ਉਥੋਂ ਰੋਹੀ ਦਾ ਪੁੱਲ ਕਿੰਨੀ ਦੂਰ ਬਾਕੀ ਸੀ। ਉਥੇ ਉਨ੍ਹਾਂ ਦੀ ਕਾਰ ਖੜੀ ਸੀ, ਉਹ ਸ਼ਿਕਾਰ ਆਏ ਸਨ ਤੇ ਗੱਲਾਂ ਗੱਲਾਂ ਵਿੱਚ ਦੂਰ ਨਿੱਕਲ ਆਏ ਸਨ। ਇਹ ਕਿੱਡੀ ਸਾਰੀ ਲੰਮੀਂਂ ਗੱਲ ਉਹ ਇਕੋ ਹੀ ਸਾਹ ਵਿਚ ਕਹਿ ਗਿਆ।

ਮੈਂ ਉਨ੍ਹਾਂ ਨੂੰ ਦੱਸਿਆ ਕਿ ਪੁਲ ਤਾਂ ਉਥੋਂ ਦੋ ਮੀਲ ਦੂਰ ਹੈ ਤੇ ਕਾਰ ਤੱਕ ਪੁੱਜਣ ਲਈ ਉਨਾਂ ਨੂੰ ਫੇਰ ਮੁੜਕੇ ਇੱਕ ਮੀਲ ਵਾਪਸ ਰੋਹੀ ਦੇ ਇਸ ਪਾਰ ਦੇ ਕੰਢੇ ਜਿਸ ਪਾਸੇ ਮੈਂ ਖੜਾ ਸਾਂ, ਆਣਾ ਪਏਗਾ। ਤੇ ਜੇ ਉਥੋਂ ਹੀ ਰੋਹੀ ਨੂੰ ਪਾਰ ਕਰ ਲੈਣ ਤਾਂ ਉਨ੍ਹਾਂ ਦੇ ਵਕਤ ਦੀ ਖਾਸੀ ਬੱਚਤ ਹੋ ਜਾਵੇਗੀ।

ਪਾਣੀ ਕੋਈ ਤਿੰਨ ਕੁ ਫੁਟ ਡੂੰਘਾ ਜ਼ਰੂਰ ਸੀ! ਏਸ ਲਈ ਮੇਮ ਨੇ ਕਦੀ ਸਾਹਬ ਵਲ ਤੇ ਕਦੀ ਪਾਣੀ ਵਲ, ਕਦੇ ਆਪਣੇ ਆਪ ਵੱਲ ਤੇ ਕਦੇ ਪਾਣੀ ਵਲ ਤੱਕਿਆ।

"ਜੇਕਰ ਤੁਸੀਂ ਮਹਿਸੂਸ ਨਾ ਕਰੋ ਮੈਂ ਤੁਹਾਨੂੰ ਚੁਕ ਕੇ ਪਾਰ ਲੰਘਾ ਦੇਂਦਾ ਹਾਂ," ਏਹ ਸੱਭ ਕੁਝ ਮੈਂ ਬਿਨਾਂ ਸੋਚੇ ਸਮਝੇ ਹੀ ਕਹਿ ਗਿਆ, ਪਰ ਮੇਰੀ ਏਸ ਗੱਲ, ਤੇ ਉਨ੍ਹਾਂ ਦੇ ਉਸ ਜਵਾਬ ਦੇ ਇਸ ਵਿਚਲੇ ਸਮੇਂ ਵਿੱਚ ਮੈਨੂੰ ਆਪਣੀ ਏਸ ਬੇਵਕੂਫੀ ਤੇ ਬੜਾ ਗੁੱਸਾ ਜਿਹਾ ਆਇਆ, ਤਰਸ ਜਿਹਾ ਅਤੇ ਹੋਰ ਬੜਾ ਕੁੱਝ, ਜੋ ਕੁਝ ਅਜਿਹੇ ਸਮੇਂ ਇੱਕ ਖਿਚੋਤਾਣ ਜਹੀ ਵਿੱਚ ਫਸਿਆ ਆਦਮੀ ਮਹਿਸੂਸ ਕਰਦਾ ਹੈ। “ਏਹ ਤਾਂ ਬੜੀ ਚੰਗੀ ਗੱਲ ਹੈ" ਉਨ੍ਹਾਂ ਉੱਤਰ ਦਿੱਤਾ।

ਆਪਣੇ ਕਹੇ ਅਨੁਸਾਰ ਮੈਨੂੰ ਉਹ ਕਰਨਾ ਹੀ ਪੈਣਾ ਸੀ।

-੬੬-