ਪੰਨਾ:ਦਿਲ ਹੀ ਤਾਂ ਸੀ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਦੇ ਨਾਹਰੇ ਲਾਏ ਗਏ। ਲੋਕ ਝੱਲੇ ਹੋ ਹੋ ਸੈਂਕੜੇ ਮੀਲਾਂ ਤੋਂ ਉਸਦੇ ਦਰਸ਼ਨਾਂ ਲਈ ਆਏ ਸਨ। ਜੈ ਜੈ ਦੇ ਨਾਹਰਿਆਂ ਨਾਲ ਅਸਮਾਨ ਗੂੰਜ ਉਠਿਆ ਸੀ। ਛੋਟਿਆਂ ਛੋਟਿਆਂ ਬੱਚਿਆਂ ਨੇ, ਏਹਨਾਂ ਗੁਲਾਬਾਂ ਨੇ, ਰਾਤ ਦੀ ਰਾਣੀ ਦੀਆਂ ਕਲੀਆਂ ਨੇ, ਏਹ ਜੋ ਆਪੀ ਫੁਲ ਹਨ, ਇਨ੍ਹਾਂ ਨੇ ਲਾਲ ਨੀਲੇ, ਚਿੱਟ ਪੀਲੇ ਫੁਲਾਂ ਦੀਆਂ ਮਾਲਾਂ ਗੁੰਦੀਆਂ ਸਨ ਏਸ ਮਹਾਂ ਕਵੀ ਲਈ। ਜੈ ਜੈ ਦੇ ਨਾਹਰੇ ਲਾਉਂਦਿਆਂ ਲੋਕਾਂ ਦੇ ਗਲੇ ਬੈਠ ਗਏ। ਪਰ ਉਸ ਵੇਲੇ ਮਹਾਂ ਕਵੀ ਇੱਕ ਵੇਸ਼ਵਾ ਦੇ ਦਰਵਾਜ਼ੇ ਤੇ ਖਲੋਤਾ ਦਸ਼ਤਨ ਦੇ ਰਿਹਾ ਸੀ। ਏਹ ਖਬਰ ਸੁਣਦਿਆਂ ਹੀ ਲੋਕ ਪਾਗਲ ਕੁੱਤਿਆਂ ਵਾਗ ਨੱਸ ਉਠੇ। ਗਾਲ੍ਹਾਂ ਕੱਢਦੇ, ਮੂੰਹਾਂ ਵਿਚੋਂ ਝੱਗ ਸੁੱਟਦੇ, "ਉਹ ਨੀਚ ਹੈ, ਫਰੇਬੀ ਹੈ ਬਦਮਾਸ਼, ਗੁੰਡਾ ਢੌਂਗੀ ਹੈ ਉਹ, ਫੜ ਲਓ, ਮਾਰ ਦਿਓ, ਕਤਲ ਕਰ ਦਿਓ......" ਮੁਸਲਮਾਨ ਉਸਨੂੰ ਹਲਾਲ ਕਰਨਾ ਚਾਹੁੰਦੇ ਹਨ। ਸਿੱਖ ਝੱਟਕਾ ਕਰਨਾ ਚਾਹੁੰਦੇ ਹਨ ਅਤੇ ਹਿੰਦੂ ਕਹਿੰਦੇ ਹਨ ਕਿ, “ਦੋਹਾਂ ਵਿੱਚੋਂ ਕੋਈ ਵੀ ਨਾ ਕਰੋ, ਜੀਉਂਦੇ ਨੂੰ ਸਾੜ ਦਿਓ।" ਅਤੇ ਮਹਾਂ ਕਵੀ ਸਹਿਮਿਆਂ ਹੋਇਆ, ਡਰਿਆ ਹੋਇਆ ਇਨ੍ਹਾਂ ਮੁਸਲਮਾਨਾਂ, ਸਿੱਖ ਹਿੰਦੂ ਆਦਮਖੋਰਾਂ ਤੋਂ, ਆਪਣੇ ਬਚਪਨ ਦੇ ਦੋਸਤ ਨਿੱਕੇ ਜੁਲਾਹੇ ਦੀ ਖੱਡੀ ਵਿੱਚ ਲੁਕਿਆ ਹੋਇਆ ਹੈ। ਤੇ ਚੰਦ ਘੜੀਆਂ, ਥੋੜ੍ਹੇ ਸਾਹ ਹੋਰ ਲੈਣਾ ਲੋੜ ਰਿਹਾ ਹੈ। ਮਹਾਂ ਕਵੀ ਨੇ ਕਦੇ ਉਮਰ ਭਰ ਸ਼ਰਾਬ ਨਹੀਂ ਸੀ ਪੀਤੀ। ਪਰ ਅੱਜ ਉਹ ਪੂਰੀ ਬੋਤਲ ਪੀ ਜਾਵੇਗਾ। ਅੱਧੀਓਂ ਵੱਧ ਪੀ ਚੁੱਕਾ ਹੈ, ਅੱਧੀਓਂ ਥੋੜੀ ਬਾਕੀ ਹੈ, ਤੇ ਰਾਤ ਵੀ ਅੱਧੀਓਂ ਥੋੜੀ ਹੈ। ਹੌਲੀ ਹੌਲੀ ਉਸ, ਆਪਣੇ ਖੱਬੇ ਹੱਥ ਦੀਆਂ ਉਂਗਲਾਂ ਉਸ ਤਾਣੀ ਵਿੱਚ ਫੇਰਨੀਆਂ ਸ਼ੁਰੂ ਕੀਤੀਆਂ। ਫੇਰ ਉਸ ਮਹਿਸੂਸ ਕੀਤਾ ਕਿ ਏਹ ਦੁਨੀਆਂ ਵੀ

- ੧੨੧ -