ਪੰਨਾ:ਦਿਲ ਹੀ ਤਾਂ ਸੀ.pdf/100

ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਖੱਲਾਂ ਲਾਹੁੰਦਿਆਂ ਵੀ। ਬੁੱਢਿਆਂ ਬੈਲਾਂ ਦੀਆਂ ਖੱਲਾਂ ਲਾਹਕੇ ਜੁੱਤੀਆਂ ਬਣਾਈਆਂ ਜਾਣਗੀਆਂ, ਗਊਆਂ ਦਾ ਮਾਸ ਖਾਧਾ ਜਾਏਗਾ, ਬੱਕਰੇ ਦੀ ਖੱਲ ਨੂੰ ਢੋਲਕੀ ਤੇ ਮੜ੍ਹਿਆ ਜਾਵੇਗਾ। ਪਰ ਮਾਸੂਮ ਬਚਪਨ ਏਹ ਸੋਚ ਸੱਕਣ ਤੋਂ ਆਰੀ ਹੈ ਕਿ ਇਨਸਾਨੀ ਖੱਲ ਕਿਸ ਕੰਮ ਆਵੇਗੀ। ਇਨਸਾਨ ਇਨਸਾਨ ਦੇ ਮਾਸ ਨੂੰ ਨਹੀਂ ਖਾ ਸਕਦਾ। ਹਾਲਾਂ ਕਿ ਅਸਲੀਅਤ ਬਿਲਕੁਲ ਇਸਦੇ ਉਲਟ ਹੈ। ਇਨਸਾਨ ਇਨਸਾਨ ਦੀ ਰੱਤ ਪੀ ਰਿਹਾ, ਖੱਲ ਉਤਾਰਦਾ ਅਤੇ ਮਾਸ ਹੰਢਾਉਂਦਾ ਹੈ, ਸਦੀਆਂ ਤੋਂ ਇਉਂ ਕਰਦਾ ਆ ਰਿਹਾ ਹੈ।

ਲੋਕ ਅਜੇ ਤੱਕ ਜਾਗ ਰਹੇ ਹਨ। ਉਨ੍ਹਾਂ ਵਿਚ ਦੋ ਧੜੇ ਬਣ ਗਏ ਹਨ। ਇੱਕ ਪਾਸਿਓਂ, “ਫੜ ਲਓ, ਮਾਰ ਦਿਓ" ਦੀਆਂ ਅਵਾਜ਼ਾਂ ਉਠਦੀਆਂ ਹਨ। ਪਰ ਦੂਜਾ ਧੜਾ ਸ਼ਾਂਤ ਹੈ, ਅਤੇ ਇਸ ਵਿਚ ਕੋਈ ਜੋਸ਼ ਨਹੀਂ, ਭਾਵੇਂ ਇਸ ਧੜੇ ਵਿੱਚ ਬਹੁਗਿਣਤੀ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਹੈ। ਪਰ ਇਨ੍ਹਾਂ ਵਿਚੋਂ ਕੌਣ ਜਾਣਦਾ ਸੀ ਕਿ ਕੱਲ੍ਹ ਦਾ ਚੂਨੀ ਅੱਜ ਦਾ ਮਹਾਂ ਕਵੀ ਬਣ ਜਾਵੇਗਾ। ਕੋਈ ਜਾਣ ਵੀ ਕਿਵੇਂ ਸਕਦਾ ਸੀ ਕਿਉਂਕਿ ਮੇਰੇ ਦੇਸ਼ ਵਿੱਚ ਬਹੁਤੇ ਚੂਨੀ, ਚੂੰਨੀ ਹੀ ਜੰਮਦੇ ਅਤੇ ਚੂੰੰਨੀ ਹੀ ਰਹਿਕੇ ਮਰ ਜਾਂਦੇ ਹਨ। ਕਈ ਜ਼ਿੰਦਗੀਆਂ, ਅਜਿਹੀਆਂ ਵੀ ਹੁੰਦੀਆਂ ਹਨ ਜਿਹੜੀਆਂ ਪਹਿਲਾਂ ਜੀਊਣ ਤੇ ਮਜਬੂਰ ਹੁੰਦੀਆਂ ਹਨ ਅਤੇ ਜਦੋਂ ਉਹ ਜੀਉਣਾ ਸਿਖਦੀਆਂ ਜਾਂ ਜੀਉਣਾ ਚਾਹੁੰਦੀਆਂ ਹਨ ਤਾਂ ਮਰਨ ਤੇ ਮਜਬੂਰ ਕਰ ਦਿੱਤੀਆਂ ਜਾਂਦੀਆਂ ਹਨ। ਅਤੇ ਇਸ ਜੀਊਣ ਮਰਨ ਦੀ ਇਸ ਵਿਚਲੀ ਮਜ਼ਦੂਰੀ ਦਾ ਦੂਸਰਾ ਨਾਂ ਚੂੰਨੀ ਹੈ। ਇੱਕ ਰਾਤ ਪਹਿਲਾਂ ਇਸ ਸ਼ਹਿਰ ਦੇ ਲੋਕ ਏਸੇ ਮਹਾਂ ਕਵੀ ਨੂੰ ਪੂਜਦੇ ਸਨ। ਇੱਕ ਜਲਸਾ ਕੀਤਾ ਗਿਆ, ਜੈ ਜੈ

- ੧੨੦ -