ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਟੁਟੇ ਦਿਲਾਂ ਨੂੰ ਸਹਾਰਾ ਦਿਆ ਕਰ!

ਦਇਆ ਕਰ! ਦਇਆ ਕਰ! ਦਇਆ ਕਰ!

ਇਸ ਦੇ ਮਗਰੋਂ ਪੋਰਸ਼ੀਆ ਨੇ ਡਾਢੇ ਦਿਲ ਚੀਰਵੇਂ ਸ਼ਬਦਾਂ ਵਿਚ ਦਇਆ ਦੀ ਵਿਆਖਿਆ ਕੀਤੀ ਤੇ ਦਸਿਆ ਜੋ ਦਇਆਵਾਨ ਨੂੰ ਦਇਆ ਕਰਨ ਨਾਲ ਕਿਤਨੀ ਕੁ ਆਤਮਕ ਪ੍ਰਸੰਨਤਾ ਹੁੰਦੀ ਹੈ ਤੇ ਰਬ ਉਸ ਉਤੇ ਕਿਤਨਾ ਕੁ ਰਾਜ਼ੀ ਹੁੰਦਾ ਹੈ, ਪ੍ਰੰਤੂ ਭਾਵੇਂ ਉਸ ਦੇ ਲਫ਼ਜ਼ਾਂ ਨੇ ਅਦਾਲਤ ਦੇ ਸਾਰੇ ਕਰਮਚਾਰੀਆਂ ਦੇ ਦਿਲ ਵਿੰਨ੍ਹ ਸੁਟੇ, ਪਰ ਉਸ ਕਠੋਰ ਚਿਤ ਯਹੂਦੀ ਉਤੇ ਰਾਈ ਭਰ ਵੀ ਅਸਰ ਨਾ ਹੋਇਆ ਤੇ ਉਹ ਆਪਣੀ ਜ਼ਿਦ ਤੇ ਉਸੇ ਪ੍ਰਕਾਰ ਡਟਿਆ ਰਿਹਾ। ਅਖ਼ੀਰ ਕੋਈ ਵਾਹ ਨਾ ਲਗਦੀ ਵੇਖ ਕੇ ਪੋਰਸ਼ੀਆ ਨੇ ਆਖਿਆ, “ਜੇ ਕਦੇ ਇਹੋ ਗੱਲ ਹੈ ਤਾਂ ਅਦਾਲਤ ਤੇਰਾ ਹੱਥ ਨਹੀਂ ਫੜ ਸਕਦੀ ਤੇ ਨਾ ਹੀ ਕਨੂੰਨ ਇਸ ਨੂੰ ਬਚਾ ਸਕਦਾ ਹੈ। ਕੀ ਤੇਰੇ ਕੋਲ ਮਾਸ ਤੋਲਣ ਨੂੰ ਤੱਕੜੀ ਹੈ?"

ਸ਼ਾਈਲਾਕ ਨੇ ਡਾਢੇ ਪ੍ਰਸੰਨ ਹੋ ਕੇ ਆਖਿਆ, "ਤੁਸੀਂ ਤਾਂ ਕੋਈ ਇਨਸਾਫ਼ ਦੇ ਦੇਵਤੇ ਹੋ! ਤੁਹਾਡੇ ਕੋਲੋਂ ਅਗੇ ਹੀ ਇਹੋ ਆਸ ਸੀ, ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਵਖਾਉਗੇ! ਇਹ ਲਉ ਜੀ ਤੱਕੜੀ ਹਾਜ਼ਰ ਹੈ!" ਇਹ ਆਖ ਕੇ ਆਪਣੀ ਛੁਰੀ ਤੇਜ਼ ਕਰਨ ਲਗ ਪਿਆ। ਇਹ ਵੇਖ ਕੇ ਬਸੈਨੀਊ ਦੇ ਨੇਤਰਾਂ ਵਿਚੋਂ ਅਥਰੂ ਵਗਣ ਲਗ ਪਏ, ਪ੍ਰੰਤੂ ਐਨਤੋਨੀਊ ਨੇ ਤਸੱਲੀ ਦੇਂਦਿਆਂ ਆਖਿਆ, "ਮਿਤਰ ਜੀ! ਕਿਉਂ ਰੁਦਨ ਪਏ ਕਰਦੇ ਹੋ? ਜਿਹੜੀ ਵਾਹ ਤੁਸੀਂ ਲਾ ਸਕਦੇ ਸੀ ਤੁਸਾਂ ਲਾ ਲਈ, ਪ੍ਰੰਤੂ ਜਦੋਂ ਇਸ ਕਸਾਈ ਸ਼ਾਹੂਕਾਰ ਅਗੇ ਕੋਈ ਪੇਸ਼ ਨਾ ਚਲੇ ਤਾਂ ਤੁਹਾਡੇ ਕੀ ਵਸ ਹੈ? ਆਪਣੀ ਵਹੁਟੀ ਨੂੰ ਜਾਕੇ ਸਾਰਾ ਸਮਾਚਾਰ ਦਸਣਾ ਜੋ ਕਿਵੇਂ ਐਨਤੋਨੀਊ ਨੇ ਮਿੱਤਰ ਦੀ ਖ਼ਾਤਰ ਹਸਦਿਆਂ ਹਸਦਿਆਂ ਜਾਨ ਕੁਰਬਾਨ ਕੀਤੀ ਹੈ।"

-੭੩-