ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੬ )

ਖਿਆਲ ਵਿੱਚ ਤਾਂ ਹਜ਼ਾਰਾਂ ਲੋਕ ਗੁਪਤ ਰੀਤੀ ਨਾਲ ਹਰ ਰੋਜ਼ ਸਿੱਖ ਬਣ ਰਹੇ ਹਨ, ਨਹੀਂ ਤਾਂ ਏਹ ਇੰਨੇ ਰੋਜ਼ ਮਾਰੇ ਜਾਂਦੇ ਹਨ, ਫੇਰ ਵੀ ਨਹੀਂ ਘਟਦੇ। ਕਾਰਨ ਹੋਰ ਕੀ ਹੈ? ਕੋਈ ਅਜਬ ਨਹੀਂ ਕਿ ਜੇਕਰ ਕਈ ਮੁਸਲਮਾਨ ਵੀ ਸਿੱਖ ਹੋ ਜਾਂਦੇ ਹੋਣ ਤਾਂ, ਕਿਉਂਕਿ ਇਨ੍ਹਾਂ ਪਾਸ ਸਚਿਆਈ ਬਹੁਤ ਸਾਰੀ ਹੈ।

ਇੱਜ਼ਤ ਬੇਗ-ਹੱਛਾ, ਸਾਨੂੰ ਏਸ ਸਿਰਦਰਦੀ ਨਾਲ ਕੀਹ, ਸਾਨੂੰ ਤਾਂ ਹੁਣ ਜ਼ੈਨਬ ਦੇ ਛੁਡਾਉਣ ਨਾਲ ਗਰਜ਼ ਹੈ। ਤੂੰ ਦੱਸ ਕਿ ਸਾਨੂੰ ਕੇਹੜੇ ਪਾਸੇ ਚੱਲਣਾ ਚਾਹੀਦਾ ਹੈ?

ਨਾਦਰ-ਮੈਂ ਕੀ ਦੱਸਾਂ? ਫੌਜ ਨਾਲ ਲਵੋ, ਅਤੇ ਰੱਬ ਆਸਰੇ ਕਿਸੇ ਪਾਸੇ ਤੁਰ ਪਵੋ। ਜੇ ਤਕਦੀਰ ਚੰਗੀ ਹੋਈ ਤਾਂ ਓਹ ਆਪੇ ਲੱਭ ਪੈਣਗੇ, ਨਹੀਂ ਤਾਂ ਅੱਲਾ ਦੀ ਮਰਜ਼ੀ।

ਇੱਜ਼ਤ ਬੇਗ-ਫੌਜ ਨੂੰ ਚਾਰ ਦਸਤਿਆਂ ਵਿੱਚ ਵੰਡਕੇ ਚੌਹੀਂ ਪਾਸੀਂ ਕਿਉਂ ਨਾ ਭੇਜ ਦੇਵੀਏ?

ਨਾਦਰ-ਸਾਰੀ ਫੌਜ ਆਪ ਦੇ ਪਾਸ ਕੇਵਲ ਦੋ ਸੌ ਹੈ, ਚਾਰ ਹਿੱਸੇ ਕਰੋਗੇ ਤਾਂ ਪੰਜਾਹ ਪੰਜਾਹ ਸਿਪਾਹੀਆਂ ਦੀ ਵੰਡ ਹੋ ਜਾਉ। ਜੇਕਰ ਪੰਜਾਹ ਸਿਪਾਹੀਆਂ ਦੇ ਕਿਸੇ ਦਸਤੇ ਨੂੰ ਓਹ ਮਿਲ ਵੀ ਪਏ, ਅਤੇ ਓਹ ਗਿਣਤੀ ਵਿਚ ਦਸ ਪੰਦ੍ਰਾਂ ਵੀ ਹੋਏ ਤਾਂ ਮੈਂ ਸੱਚ ਕਹਿੰਦਾ ਹਾਂ ਕਿ ਓਹ ਸਾਰੇ ਦਸਤੇ ਨੂੰ ਹੀ ਮਾਰਕੇ ਨਿਕਲ ਜਾਣਗੇ।

ਇੱਜ਼ਤ ਬੇਗ-ਇੰਨਾ ਡਰਦਾ ਕਿਉਂ ਹੈ?