ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੨ )

ਕਿ ਏਹ "ਇਸਤ੍ਰੀ ਪ੍ਰੇਮ ਦੀ ਸਿਖਰ ਤੇ ਚੜ੍ਹੀ ਜਾਪਦੀ ਹੈ, ਇਸਨੂੰ ਮੇਰੇ ਨਾਲ ਅਤਿ ਪ੍ਰੇਮ ਹੈ, ਮੈਨੂੰ ਹੁਣ ਏਸਦੇ ਨਾਲ ਕਿਹਾ ਵਰਤਾਉ ਕਰਨਾ ਚਾਹੀਏ? ਪ੍ਰੇਮ ਦੀ ਮੰਜ਼ਲ ਤਾਂ ਇਹ ਲੰਘ ਚੁੱਕੀ ਹੈ, ਹੁਣ ਰਤਾ ਜਿੰਨੀ ਕਸਰ ਹੈ, ਇਸ ਦੇ ਪ੍ਰੇਮ ਨੂੰ ਰਤਾ ਜਿੰਨਾ ਸਹਾਰਾ ਦਿੱਤਾ ਜਾਏ ਤਾਂ ਏਹ ਜ਼ਰੂਰ ( ਸੱਚੇ ਪ੍ਰੇਮ ) ਇਸ਼ਕ ਹਕੀਕੀ ਤੱਕ ਪਹੁੰਚ ਸਕਦੀ ਹੈ। ਹੇ ਸਤਿਗੁਰੋ! ਦਯਾ ਕਰੋ! ਅਤੇ ਏਸ ਨਿਮਾਣੀ ਇਸਤ੍ਰੀ ਨੂੰ ਆਪਣੇ ਨਾਮ ਨਾਲ ਜੋੜ ਲਓ।"

ਦਲੇਰ ਕੌਰ ਨੇ ਜ਼ੈਨਬ ਨੂੰ ਦੇਖਿਆ। ਗੱਲਾਂ ਸਭ ਸੁਣ ਹੀ ਚੁੱਕੀ ਸੀ, ਜ਼ੈਨਬ ਉਸਦੇ ਪਤੀ ਨਾਲ ਪ੍ਰੇਮ ਰੱਖਦੀ ਹੈ, ਇਹ ਸੁਣਕੇ ਦਲੇਰ ਕੌਰ ਦੇ ਦਿਲ ਵਿਚ ਵੱਟ ਨਹੀਂ ਆਇਆ, ਉਸਦੇ ਦਿਲ ਵਿਚ ਜ਼ੈਨਬ ਵੱਲੋਂ ਈਰਖਾ ਨਹੀਂ ਉਪਜੀ, ਓਹ ਜ਼ੈਨਬ ਵਲ ਘ੍ਰਿਣਾ ਭਰੀ ਨਜ਼ਰ ਨਾਲ ਨਹੀਂ ਦੇਖ ਰਹੀ, ਸਗੋਂ ਓਹ ਸ਼ਕਰ ਕਰਦੀ ਹੈ ਕਿ ਉਸਦੇ ਪਤੀ ਦੇ ਲੜ ਲੱਗ ਕੇ ਤਰਨ ਲਈ ਇਕ ਹੋਰ ਪ੍ਰਾਣੀ ਨਿੱਤਰ ਪਿਆ ਹੈ। ਉਹ ਜ਼ੈਨਬ ਦੇ ਪ੍ਰੇਮ ਦੀ ਕਦਰ ਕਰਦੀ ਹੈ ਅਤੇ ਓਸ ਵੱਲ ਪਯਾਰ-ਦ੍ਰਿਸ਼ਟੀ ਨਾਲ ਤੱਕ ਰਹੀ ਹੈ। ਸਚ ਮੁਚ ਇਕ ਚੋਟਾਂ, ਖਾਧੇ ਮਨ ਦੀ ਭੀੜ ਓਹੋ ਮਨ ਅਨਭਵ ਕਰ ਸਕਦਾ ਹੈ ਜੋ ਆਪ ਚੋਟਾਂ ਖਾ ਚੁੱਕਾ ਹੋਵੇ।

ਜੈਨਬ ਨੇ ਦਲੇਰ ਕੌਰ ਨੂੰ ਦੇਖਿਆ, ਪਛਾਣਿਆ ਕਲੇਜੇ ਵਿਚ ਇਕ ਧੂਹ ਫਿਰ ਗਈ-"ਹੈ, ਇਹ ਏਥੇ ਕਿਸ ਤਰ੍ਹਾਂ ਆ ਗਈ? ਏਹ ਤਾਂ ਦਲੇਰ ਕੌਰ ਹੀ