ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੫੨ )

ਪ੍ਰੇਮੀ ਪਾਸ ਜਿਦ੍ਹੇ ਜਾ ਬੈਠਾ,
ਓਸੇ ਰਿਦਾ ਜਲਾਇਆ।
ਪ੍ਰੇਮੀ ਨੂੰ ਹਰ ਕੋਈ ਕੱਟੇ,
ਜਿਉਂ ਕੁੱਤਾ ਹਲਕਾਇਆ।
ਪਰ ਵਾਹ ਪ੍ਰੇਮੀ ਰਹਿਮਤ ਤੈਨੂੰ,
ਤੂੰ 'ਸੀ' ਤੱਕ ਨਾ ਕੀਤੀ।
ਠੰਢੇ ਸੀਨੇ ਹੀ ਸਹਿ ਲੀਤੀ,
ਜਗ ਦੀ ਕੁੱਲ ਅਨੀਤੀ।

ਅਕਬਰ-ਹਾਇ ਜ਼ੈਨਬ! ਤੇਰਾ ਸੱਤਯਾਨਾਸ, ਤੂੰ ਆਪਣੀ ਇੱਜ਼ਤ ਦੀ ਕੋਈ ਪਰਵਾਹ ਨਾ ਕੀਤੀ?

ਜ਼ੈਨਬ-ਪਿਆਰੇ ਵੀਰ!

ਇੱਜ਼ਤ ਹੁਰਮਤ ਲੋਕ ਲੱਜਿਆ, ਪ੍ਰੇਮੀ ਸਭ ਕੁਝ ਤਜਦੇ।
ਓਹਨਾਂ ਪ੍ਰੇਮੀ ਕੀ ਅਖਵਾਉਣਾ, ਜੋ ਇੱਜ਼ਤ ਨੂੰ ਭਜਦੇ>?
ਤਖ਼ਤ ਤਾਜ ਵੀ ਰਹਿੰਦ ਨਾ, ਜਦ ਪ੍ਰੇਮ ਨਗਾਰੇ ਵਜਦੇ!
ਪ੍ਰੇਮੀ ਦੁਨੀਆਂ ਨਾਲੋਂ ਤੱਲਕ, ਤੋੜ ਮਦਾਨੀ ਗਜਦੇ।
ਕਦੇ ਨਮਾਜ਼ ਨਾ ਪੜ੍ਹਨ ਪ੍ਰੇਮੀ, ਨਾ ਮੁਸ਼ਤਾਕ ਨੇ ਹਜ ਦੇ।
ਹਰ ਦਮ ਯਾਦ ਪ੍ਰੀਤਮ ਕਰਦੇ ਕਰਦੇ ਯਾਦ ਨ ਰਜਦੇ।
ਪਰੇਮ ਅਤੇ ਇੱਜ਼ਤ ਨਾ ਦੋਵੇਂ ਰਹਿ ਸਕਦੇ ਨੇ ਕੱਠੇ।
ਇੱਕ ਜਗਾ ਜਦ ਇਕ ਆ ਮੱਲੇ, ਦੂਜਾ ਓਥੋਂ ਨੱਠੇ।

ਨਾਦਰ-ਉਫ਼, ਐਸਾ ਕੁਫ਼ਰ, ਯਾ ਅੱਲਾ?
ਜ਼ੈਨਬ-ਪਯਾਰੇ ਭਾਈ! ਸੁਣ:-

ਪਰੇਮ ਨਗਰ ਵਿਚ ਦੀਨ ਦਾ ਕੋਈ, ਸ਼ਰਹ ਸ਼ਰੀਅਤ ਨਾਹੀਂ।
ਕੈਦ ਮਜ੍ਹਬ ਦੀ ਕੋਈ ਨਾਹੀਂ, ਕੌਮ ਕੌਮੀਅਤ ਨਾਹੀਂ।
ਰਾਜਾ ਅਤੇ ਵਜ਼ੀਰ ਕੋਈ ਨਾ ਕੋਈ ਰਈਅਤ ਨਾਹੀਂ।