ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੦ )

ਮੈਨੂੰ ਆਗਿਆ ਹੋਈ ਹੈ ਕਿ ਤੇਰੇ ਨੀਚ ਆਤਮਾਂ ਨੂੰ ਏਸ ਦੁਸ਼ਟ ਸਰੀਰ ਵਿਚੋਂ ਖਲਾਸ਼ੀ ਦੇ ਕੇ ਨਰਕ ਕੁੰਡ ਵਿਚ ਚੁੜਨ ਲਈ ਭੇਜਾਂ, ਸੋ ਹੇ ਦੁਸ਼ਟ! ਤਿਆਰ ਹੋ ਜਾਹ ਅਤੇ ਮੇਰਾ ਵਾਰ ਰੋਕ।' ਇੱਜ਼ਤ ਬੇਗ ਨੰਗੀ ਤਲਵਾਰ ਨੂੰ ਆਪਣੇ ਸਿਰ ਉਤੇ ਚਮਕਦੀ ਵੇਖ ਕੇ ਸੱਤੇ ਸੁੱਧਾਂ ਭੁੱਲ ਗਿਆ ਅਤੇ ਜਾਨ ਬਚਾਉਣ ਲਈ ਰਾਹ ਸੋਚ ਹੀ ਰਿਹਾ ਸੀ ਕਿ ਦਲੇਰ ਕੌਰ ਦੀ ਤਲਵਾਰ ਵਿਚੋਂ ਬਿਜਲੀ ਵਰਗੀ ਚਮਕ ਨਿਕਲਨ ਦੇ ਨਾਲ ਹੀ ਅੱਖ ਦੇ ਫੋਰ ਵਿਚ ਇੱਜ਼ਤ ਬੇਗ ਦੋ ਟੋਟੇ ਹੋਕੇ ਡਿਗ ਪਿਆ। ਬੱਸ ਫੇਰ ਕੀਹ ਸੀ, ਫੌਜ ਨੂੰ ਰੋਹ ਚੜ੍ਹ ਗਿਆ, ਸੈਂਕੜੇ ਸਿਪਾਹੀ ਦੰਦੀਆਂ ਕਰੀਚ ਕੇ ਕੱਲੀ ਸ਼ੇਰਨੀ ਉੱਤੇ ਆ ਪਏ, ਅਤੇ ਬਹਾਦਰ, ਪਤਿਬ੍ਰਤਾ ਸਤਿਗੁਰੂ ਦੀ ਦੁਲਾਰੀ ਦਲੇਰ ਕੌਰ ਏਹਨਾਂ ਦੇ ਵਾਰਾਂ ਨਾਲ ਸ਼ਹੀਦੀ ਦੀ ਪਦਵੀ ਨੂੰ ਪਹੁੰਚ ਕੇ "ਜਿਸ ਪਿਆਰੇ ਸਿਉ ਨੇਹੁੰ ਤਿਸੁ ਆਗੈ ਮਰ ਚਲੀਐ। ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ" ਦੇ ਵਾਕ ਨੂੰ ਪੂਰਾ ਕਰਦੀ ਹੋਈ ਆਪਣੇ ਪ੍ਰਾਣ-ਪਤੀ ਦੇ ਨਾਲ ਹੀ ਸਤਿਗੁਰੂ ਦੇ ਦਰਬਾਰ ਵਿਚ ਹਾਜ਼ਰ ਹੋਈ।

ਇੱਜ਼ਤ ਬੇਗ ਦੇ ਮਰ ਜਾਣ ਕਰ ਕੇ ਤੁਰਕਾਨੀ ਫੌਜ ਨੱਸ ਗਈ, ਸਿੰਘ ਫੱਟੜ ਬਲਵੰਤ ਕੌਰ ਨੂੰ ਨਾਲ ਲੈ ਗਏ, ਰਾਜ਼ੀ ਹੋ ਕੇ ਉਸਨੇ ਜਿਸ ਪ੍ਰਕਾਰ ਧਰਮ ਦਿੜ੍ਹਤਾ ਵਿਚ ਅਦੁਤੀ ਬਹਾਦਰੀਆਂ ਵਿਖਾਈਆਂ, ਓਹਨਾਂ ਦੀ ਇਕ ਵਖਰੀ ਪੁਸਤਕ ਜੋ ਬੜੀ ਹੀ ਦਿਲਖਿੱਚਵੀਂ ਹੈ, ਤਿਆਰ ਹੋ ਗਈ ਹੈ।

ਇਤਿ॥