ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੯ )

ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲੱਗੇ ਹੋਏ ਦੀਵਾਨ ਵਿੱਚ ਜਾ ਬੈਠੇ, ਪੰਜ ਪਿਆਰੇ ਅੰਮ੍ਰਤ ਤਿਆਰ ਕਰ ਰਹੇ ਸਨ। ਜਿਸ ਵੇਲੇ ਅੰਮ੍ਰਤ ਤਿਆਰ ਹੋਇਆ ਤਾਂ ਜ਼ੈਨਬ ਬੀਬੀ ਨੂੰ ਜੋ ਅਤਿ ਪ੍ਰੇਮ ਅਤੇ ਅਤਿ ਸ਼ੁਕਰ ਵਿੱਚ ਬੈਠੀ ਹੋਈ ਏਸ ਸੁਭਾਗ ਵੇਲੇ ਦੀ ਉਡੀਕ ਕਰ ਰਹੀ ਸੀ, ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਖੜਾ ਕੀਤਾ ਗਿਆ।

ਸਰਦਾਰ ਨੇ ਕਿਹਾ-ਬੀਬੀ ਜੀ! ਤੁਹਾਡੇ ਵਾਸਤੇ ਅੰਮ੍ਰਤ ਤਿਆਰ ਹੈ, ਏਹ ਅੰਮ੍ਰਤ ਸਤਗੁਰਾਂ ਦਾ ਅੰਮ੍ਰਤ ਹੈ, ਤੁਸੀਂ ਪਹਿਲਾਂ ਆਪਣੇ ਹਿਰਦੇ ਨੂੰ ਟੋਹ ਕੇ ਦੱਸੋ ਕਿ ਏਹ। ਅੰਮ੍ਰਤ ਤੁਸੀਂ ਸੱਚੇ ਪ੍ਰੇਮ ਨਾਲ ਛਕ ਰਹੇ ਹੋ ਯਾ ਕਿਸੇ ਦੇ ਕਹੇ ਕਹਾਏ?

ਜ਼ੈਨਬ-ਵੀਰ ਜੀ! ਉਸਦੇ ਧੰਨ ਭਾਗ ਜੇ ਕਿਸੇ ਦੇ ਕਹੇ ਕਹਾਏ ਵੀ ਅੰਮ੍ਰਤ ਛਕ ਲਵੇ, ਪਰ ਮੈਂ ਤਾਂ ਵੀਰ ਬਹਾਦਰ ਸਿੰਘ ਜੀ ਪਾਸੋਂ ਸਿੱਖਯਾ ਪ੍ਰਾਪਤ ਕਰਕੇ ਆਪਣੇ ਸੱਚੇ ਦਿਲੀ-ਪ੍ਰੇਮ ਨਾਲ ਏਹ ਛਕਣ ਲਈ ਤਿਆਰ ਹੋਈ ਹਾਂ। ਵੀਰ ਜੀ! ਇੱਕ ਇੱਕ ਪਲ ਮੇਰੇ ਮਨ ਨੂੰ ਵਿਆਕੁਲ ਕਰ ਰਿਹਾ ਹੈ, ਕ੍ਰਿਪਾ ਕਰਕੇ ਛੇਤੀ ਦਯਾ ਕਰੋ।

ਆਹਾ! ਜ਼ੈਨਬ ਦੀ ਵਿਆਕੁਲਤਾ ਅਤੇ ਉਸਦੀ ਸੱਚੀ ਸਿੱਖੀ ਦੀ ਪਿਆਸ ਦੇਖ ਕੇ ਪੰਜਾਂ ਪਿਆਰਿਆਂ ਨੇ ਵੀ ਛੇਤੀ ਕੀਤੀ, ਅਤੇ ਕਿਹਾ 'ਬੀਬੀ ਜੀ! ਏਹ ਅੰਮ੍ਰਤ ਤਾਂ ਤੁਹਾਡੇ ਲਈ ਹੀ ਤਿਆਰ ਹੋਇਆ ਹੈ, ਪਰ ਇਸ ਤੋਂ ਪਹਿਲਾਂ ਕਿ ਤੁਹਾਨੂੰ ਅੰਮ੍ਰਿਤ ਛਕਾਇਆ ਜਾਵੇ; ਏਹ ਜ਼ਰੂਰੀ ਹੈ ਕਿ ਤੁਹਾਨੂੰ ਸਤਿਗੁਰੂ ਦੀ ਰਹਿਤ ਦੱਸੀ ਜਾਵੇ।