ਪੰਨਾ:ਤੱਤੀਆਂ ਬਰਫ਼ਾਂ.pdf/98

ਇਹ ਸਫ਼ਾ ਪ੍ਰਮਾਣਿਤ ਹੈ

(੯੩)

ਗ੍ਰਹਿਸਤ ਬੇੜੀ

ਗ੍ਰਹਿਸਤ ਵਾਲੀ ਬੇੜੀ ਤੇ ਬਠਾਣ ਪ੍ਰਵਾਰ ਤਾਈਂ।
ਏਸ ਸੰਸਾਰ ਦੇ ਸਮੁੰਦਰ ਚਿ ਚਲਿਆ।
ਧੀਆਂ ਪੁਤ ਦੋਹਤਰੇ ਜਵਾਈ ਤੇ ਕੁਟੰਬ ਸਾਰਾ,
ਵਾਜਿਆਂ ਦੀਆਂ ਵਾਜਾਂ ਨਾਲ ਸਦ ਸਦ ਲਿਆ।
ਮੰਨ ਮੰਨ ਗਲਾਂ ਭੂਏ ਸਾਰਿਆਂ ਨੂੰ ਚਾੜ੍ਹ ਲਿਆ,
ਇਕ ਸ ਨਾ ਘੜੀ ਦੀ ਅਰਾਮ ਕਰ ਖਲਿਆ।
'ਕਿਰਤੀ' ਕੁਟੰਬ ਵਾਲਾ ਹੋ ਗਿਆ ਹਾਂ ਮਾਨ ਏਹੋ,
ਏਸੇ ਗਲ ਪਿਛੇ ਪਿਆ ਫੁਲਿਆ ਤੇ ਫਲਿਆ।

ਜਿੰਨਾ ਚਿਰ ਬਾਹੂ ਬਲਕਾਰ ਵਿਚ ਡੌਲਿਆਂ ਦੇ,
ਪਾਣੀ ਦੀਆਂ ਛਲਾਂ ਨੂੰ ਵੀ ਚੀਰਕੇ ਵਿਖਾਇਆ ਸੂ।
ਥਕ ਬਕ ਅਕ ਅਕ ਕਿਸੇ ਵੇਲੇ ਜੇ ਕਰਾਂ ਚਾ,
ਬੈਠਨੇ ਦੇ ਖਾਤਰ ਹੀ ਕਿਤੇ ਮਨ ਚਾਹਿਆ ਸੂ।
ਡੁਬ ਚਲੇ ਬੈਠੇ ਬੈਠੇ ਸ਼ੋਰ ਪਏ ਮਚਾਂਵਦੇ ਨੇ,
ਕਰ ਕਰ ਲਾਡ ਸਿਰ ਜਿਨਾਂ ਨੂੰ ਝੜਾਇਆ ਸੂ।
'ਕਿਰਤੀ' ਗਰੀਬ ਦੀ ਨਾ ਜਾਨ ਹੁਣ ਛੁਟਦੀ ਏ,
ਸਾਗਰ ਦਾ ਕੰਢਾ ਕਿਤੇ ਨਜ਼ਰੀਂ ਨਾ ਆਇਆ ਸੂ।

ਪਿਛੇ ਕਿਤੇ ਵੇਖੇ ਸਭੋ ਘੂਰੀਆਂ ਪਏ ਵਟਦੇ ਨੇ,
ਚਾਬਕਾਂ ਤੋਂ ਵਧ ਇਥੇ ਮੇਹਣਿਆਂ ਦੀ ਮਾਰ ਏ।
ਡਰ ਨਿਰਾ ਛਲਾਂ ਦਾ ਨਹੀਂ ਚੜੀਆਂ ਹਨੇਰੀਆਂ ਨੇ,
ਬੇੜੀ ਫਸ ਚਲੀ ਡਾਢੇ ਸ਼ੌਹ ਵਿਚਕਾਰ ਏ।
ਖਿਚ ਖਿਚ ਖਿਝ ਖਿਝ ਡਾਢਾ ਪ੍ਰੇਸ਼ਾਨ ਹੋਇਆ,
ਦਿਸਦਾ ਨਾ ਸਾਥੀ ਜੀਹਦੇ ਮਨ ਵਿਚ ਪਿਆਰ ਏ।
'ਕਿਰਤੀ' ਜੇ ਭਾਗਾਂ ਨਾਲ ਮਿਲੇ ਭਾਗਵਾਨ ਕੋਈ,
ਏਸ ਸੰਸਾਰ ਵਿਚੋਂ ਕਰ ਲਵੇ ਪਾਰ ਏ।