ਪੰਨਾ:ਤੱਤੀਆਂ ਬਰਫ਼ਾਂ.pdf/91

ਇਹ ਸਫ਼ਾ ਪ੍ਰਮਾਣਿਤ ਹੈ



(੮੬)

ਗੁੰਝਲਾਂ

ਜੰਮਨਾ ਮਰਨਾ ਗੁੰਝਲਾਂ ਵਾਲਾ, ਜਦ ਤੋਂ ਏਹ ਜਗ ਕਰਿਆ।
ਭਰਿਆ ਗੁੰਝਲਾਂ ਨਾਲ ਪਟਾਰਾ, ਬੰਦੇ ਅਗੇ ਧਰਿਆ।
ਕਢ ਕਢ ਕੇ ਉਮਰਾ ਸਾਰੀ, ਥਕ ਥਕ ਮਰ ਜਾਂਦਾ,
‘ਕਿਰਤੀ’ ਸਮਝ ਕਿਤੇ ਨਾ ਆਈ, ਜਿਤਿਆ ਹਾਂ ਕਿ ਹਰਿਆ।
ਪਤਾ ਨਹੀਂ ਏਹ ਕਦ ਤੋਂ ਪਈਆਂ ਕਢਦੇ ਰਹੇ ਸਿਆਣੇ।
ਪਰ ਨਾ ਸਮਝਣ ਕਿਥੋਂ ਪਈਆਂ, ਪਹੁੰਚਣ ਨਹੀਂ ਟਿਕਾਣੇ।
ਦਿਸਣ ਕਢਦੇ ਸਾਰੇ ਲੋਕੀਂ ਪਾਵਣ ਸਗੋਂ ਪਵਾੜੇ,
'ਕਿਰਤੀ' ਗੁੰਝਲਾਂ ਗੁੰਝਲਾਂ ਕੀਤੇ ਏਸ ਜਗਤ ਦੇ ਤਾਣੇ।
ਇਕ ਹੋਵੇ ਤਾਂ ਖੋਲ੍ਹ ਵਿਖਾਏ, ਬੇਸ਼ਕ ਕੋਈ ਸਿਆਣਾ।
ਗੁੰਝਲਾਂ ਲਖਾਂ ਜਿਧਰ ਤਕਾਂ, ਰਿਹਾ ਨਾ ਕੋਈ ਟਿਕਾਣਾ।
ਜੇਹੜਾ ਕਢਣ ਖਾਤਰ ਲਗੇ, ਹੋਰ ਸਗੋਂ ਪਾ ਲੈਂਦਾ,
'ਕਿਰਤ' ਖਿਚੜੀ ਹੋ ਗਈ ਐਸੀ, ਏਹ ਕੁਦਰਤ ਦਾ ਭਾਣਾ।




ਘੁੰਮਣ ਘੇਰੀਆਂ


ਆਈ ਸਮਝ ਨਾਂ ਵਡਿਆਂ ਦਾਨਿਆਂ ਨੂੰ,
ਗਏ ਟੱਕਰਾਂ ਮਾਰ ਬਹਤੇਰੀਆਂ ਨੇ।
ਸੋਚ ਸੋਚ ਕੇ ਸੁਰਤ ਬੇਸੁਰਤੇ ਹੋਈ,
ਅਜਬ ਵੇਖੀਆਂ ਕੁਦਰਤਾਂ ਤੇਰੀਆਂ ਨੇ।
ਏਹ ਸੰਸਾਰ ਸਮੁੰਦਰੋਂ ਖੌਫ ਆਵੇ,
ਟੁਟ ਜਾਂਦੀਆਂ ਕੁਲ ਦਲੇਰੀਆਂ ਨੇ।
'ਕਿਰਤੀ' ਹਾਥ ਨਾ ਲਗਦੀ ਜਾਪਦੀ ਏ,
ਘੁੰਮਨ ਘੇਰੀਆਂ ਹੀ ਘੁੰਮਨ ਘੇਰੀਆਂ ਨੇ।