ਪੰਨਾ:ਤੱਤੀਆਂ ਬਰਫ਼ਾਂ.pdf/86

ਇਹ ਸਫ਼ਾ ਪ੍ਰਮਾਣਿਤ ਹੈ

(੮੧)

ਅੰਗਰੇਜ਼ੀ ਸਰਕਾਰ ਦੇ ਕਾਰੇ

ਸਾਡੇ ਭਾਣੇ ਗੋਰੀ ਸਰਕਾਰ ਠੀਕ ਆਪਨੀ ਏਂ,
ਪਤਾ ਨਹੀਂ ਸੀ ਏਹਦੇ ਵਿਚ ਏਡੀਆਂ ਮਕਾਰੀਆਂ।
ਰੂਪ ਵੇਖ ਜਾਨਿਆਂ ਸੀ ਨੇਕ ਪਾਕ ਦਿਸਦੀ ਏ,
ਦੰਗ ਹੋਏ ਤਕ ਕਰਤੂਤਾਂ ਅਜ ਕਾਰੀਆਂ।
ਘਰ ਘਾਟ ਏਸਨੇ ਗਵਾਇਆ ਸਾਡਾ ਬੇਠਿਆਂ ਦਾ,
ਦੇਸ਼ ਵਿਚ ਜ਼ੁਲਮ ਦੀਆਂ ਫੇਰੀਆਂ ਬਹਾਰੀਆਂ।
'ਕਿਰਤੀ' ਕਮਾਲ ਕੀਤਾ ਏਹਦੀਆਂ ਚਲਾਕੀਆਂ ਨੇ,
ਹਥੀ ਸੜਵਾਈਆਂ ਕਿਵੇਂ ਉਚੀਆਂ ਅਟਾਰੀਆਂ।
ਗੋਰੀ ਸਰਕਾਰ ਘਰ ਰਖਕੇ ਖਵਾਰ ਹੋਏ,
ਲਗਿਆ ਭੁਲੇਖਾ ਉਹਦਾ ਕੀਤਾ ਅਸਾਂ ਪਾ ਲਿਆ।
ਮੁਢ ਤੋਂ ਅਖੀਰ ਤਕ ਰਖਿਆ ਸੀ ਮਾਨ ਏਹਦਾ,
ਧਰਮ ਸ਼ਰਮ ਕਰਮ ਸਾਰਾ ਆਪਣਾ ਗਵਾ ਲਿਆ।
ਖਟਿਆ ਕਮਾਇਆ ਸਾਰਾ ਏਹਦੇ ਅਗੇ ਰਖ ਦਿਤਾ,
ਪੈਸਾ ਵੀ ਨਾ ਇਕ ਕਦੇ ਭੁਲਕੇ ਛਪਾ ਲਿਆ।
'ਕਿਰਤੀ' ਕੀਹ ਰੋਣਾ ਕੁਰਲਾਣਾ ਤੇ ਸੁਨਾਣਾ ਹੁਣ,
ਮੱਖਨ ਭੁਲੇਖੇ ਮੋਹਰਾ ਚਿਟਾ ਆਪ ਖਾ ਲਿਆ।

(ਰਫੂਜ਼ੀ ਉਡੀਕਾਂ)

ਘੁਮਨ ਘੇਰਾਂ ਘੇਰ ਲਿਆ ਹੈ, ਜਾਏ ਨਾ ਸੁਰਤ ਸੰਭਾਲੀ।
ਮਾਰ ਮਾਰ ਹਬ ਹਾਥ ਨਾ ਲਗੀ, ਹੋਇਆ ਹਾਲ ਬੇਹਾਲੀ।
ਕਢਨ ਵਾਲਾ ਕੋਈ ਨਾ ਡਿਠਾ, ਸਗੋਂ ਵਜੇਂ ਦੇ ਤਾਲੀ।
ਆਪਨੇ ਬਣੇ ਬਗਾਨੇ ਦਿਸਨ, ਤਰਸ ਪਿਆਰੋ ਖਾਲੀ।
ਹਾਸੋ ਹੀਨਾ ਬਨਿਆਂ ਦਿਸੇ, ਕਲ ਦੇਸਾਂ ਦਾ ਵਾਲੀ।
'ਕਿਰਤੀ' ਕੰਢੇ ਜੇ ਰਬ ਲਾਏ, ਹੈਨ ਉਡੀਕਾਂ ਹਾਲੀ।