ਪੰਨਾ:ਤੱਤੀਆਂ ਬਰਫ਼ਾਂ.pdf/73

ਇਹ ਸਫ਼ਾ ਪ੍ਰਮਾਣਿਤ ਹੈ

(੬੮)

ਜਦੋਂ ਪਹੁੰਚਦਾ ਗੁਰੂ ਕੇ ਬਾਗ ਨੇੜੇ,
 ਬੀਟੀ ਮਾਰਕੇ ਧਰਤ ਲਟਾਂਵਦਾ ਏ।
ਘੋੜੇ ਟੋਰਦਾ ਤੇ ਕੇਸ ਪੁਟਦਾ ਏ,
ਡਾਂਗਾਂ ਮਾਰਕੇ ਸੁਰਤ ਭੁਲਾਂਵਦਾ ਏ।
ਮੂੰਹੋਂ ਬੋਲ ਕੁਬੋਲ ਤੇ ਦੇ ਗਾਲੀ
ਕਿਥੇ ਗੁਰੂ ਹੈ ਕਹਿ ਸੁਨਾਂਵਦਾ ਏ।
ਸਬਰ ਖਾਲਸੇ ਦਾ ਜ਼ਬਰ ਪਾਪੀਆਂ ਦਾ,
ਸੁਨਣ ਵਾਲਿਆਂ ਤਾਈਂ ਰੁਆਂਵਦਾ ਏ।
ਏਹ ਵੇਖ ਕੇ ਮਾਰ ਅਕਾਲੀਆਂ ਦੀ
ਸਾਰਾ ਜਗ ਹੈਰਾਨ ਹੋ ਜਾਂਵਦਾ ਏ।
ਗਾਂਧੀ, ਮਾਲਵੇ, ਜਹੇ ਸੀ ਦੰਗ ਰਹਿ ਗਏ,
ਬੈਠਾ ਸ਼ੇਰ ਕੀਕਰ ਮਾਰ ਖਾਂਵਦਾ ਏ।
ਸ਼ਾਂਤ ਮਈ ਦੇ ਰਹਿਣ ਦਾ ਸਬਕ ਸੋਹਣਾ,
ਬੀਟੀ ਸਾਹਮਣੇ ਸਿੰਘ ਪਕਾਂਵਦਾ ਏ।
ਤਦੋਂ ਬਾਜ ਦਸਮੇਸ਼ ਦੇ ਦਰਸ਼ ਦਿੱਤਾ,
ਧੀਰਜ ਖਾਲਸੇ ਤਾਈਂ ਬਨਾਂਵਦਾ ਏ।
ਜਥੇ ਨਾਲ ਜਾਣਾ ਕਿਰਤੀ ਪਰਤ ਆਣਾ,
ਮੰਦਰ ਹਰੀ ਸਾਹਵੇਂ ਡੇਰਾ ਲਾਂਵਦਾ ਏ।

(ਸਮੇਂ ਦਾ ਚੱਕਰ)


ਵੇਖ ਇਤਹਾਸ ਉਡ ਜਾਂਵਦੇ ਹਰਾਸ ਸਨ,
ਕਿਥੋਂ ਤਕ ਸਹਿਨੀਆਂ ਮੁਸੀਬਤਾਂ ਸੁਖਾਲੀਆਂ।
ਬੰਦ ਬੰਦ ਕਟਨਾ ਤੇ ਝੁਕਨਾ ਨਾ ਮੌਤ ਕੋਲੋਂ,
ਡਕਨਾ ਨਾ ਹਥ ਮਨੋਂ ਹੋਣ ਖੁਸ਼ਹਾਲੀਆਂ।
ਖੋਪਰੀ ਉਤਾਰ ਉਤੇ ਚਰਖਿਆਂ ਦੇ ਚਾੜ ਦੇਣਾ,
ਉਫ ਨਾ ਉਚਾਰ ਸਗੋਂ ਚੜਨ ਨਾਮ ਲਾਲੀਆਂ।
'ਕਿਰਤੀ' ਓਹ ਪੁਤਰਾਂ ਦੇ ਟੋਟੇ ਹੋਏ ਵੇਖ ਵੇਖ,
ਸ਼ੁਕਰ ਮਨਾਂਦੀਆਂ ਸੀ ਏਸ ਦੁਖ ਵਾਲੀਆਂ।