ਪੰਨਾ:ਤੱਤੀਆਂ ਬਰਫ਼ਾਂ.pdf/61

ਇਹ ਸਫ਼ਾ ਪ੍ਰਮਾਣਿਤ ਹੈ

(੫੬)

ਮੁਗਲਰਾਜ ਦੇ ਆਖਰੀ ਜ਼ੁਲਮ

ਉਹ ਵੇਲਾ ਵੀ ਆਇਆ ਸੀ ਜਦ ਸਿਰ ਸਿੰਘਾਂ ਦੇ ਵਿਕਦੇ।
ਓਸ ਤੁਫਾਨ ਅਗੇ ਸਨ ਕੀਕਰ ਸੂਰਬੀਰ ਫਿਰ ਟਿਕਦੇ।
ਤੂੰਬੇ ਵਾਂਗ ਉਡਾਂਵਨ ਚਮੜਾ ਖੋਪਰੀਆਂ ਉਤਰਾਈਆਂ।
ਬੰਦ ਬੰਦ ਕਟੇ ਭਾਵੇਂ ਕਿਰਤੀ ਡਿਠੇ ਨਹੀਂ ਝਿਝਕਦੇ।
ਓਹ ਵੇਲਾ ਸੀ ਸਿਖ ਸਦਾਵਨ ਵਾਲੇ ਤਾਈਂ ਬਠਾਂਦੇ।
ਸਿਖੀ ਅੰਦਰ ਪਾਸ ਹੋਣ ਦੇ ਪਰਚੇ ਆਖ ਸੁਨਾਂਦੇ।
ਲਾਲਚ, ਧਮਕੀ, ਮੌਤ, ਡਰਾਵੇ, ਜੋ ਸਾਰੇ ਲੰਘ ਜਾਵੇ।
ਤਾਂ ਫਿਰ 'ਕਿਰਤੀ' ਸਿਦਕੀ ਸੂਰੇ ਸਨਦ ਸਿਖੀ ਦੀ ਪਾਂਦੇ।
ਉਹ ਵੇਲਾ ਵੀ ਹੈਸੀ ਜਾਂ ਸਿਖ ਭੈਣਾਂ ਕਸ਼ਟ ਉਠਾਏ।
ਭੁਖੀਆਂ ਰਹਿਕੇ ਪੀਸਨ ਪੀਠੇ ਸਾਹਵੇਂ ਪੁਤ ਕੁਹਾਏ।
ਹਾਰ ਪੁਤਾਂ ਦੇ ਗਲੀ ਪਵਾਕੇ ਫਿਰ ਵੀ ਬਾਣੀ ਗਾਵਨ।
'ਕਿਰਤੀ' ਧਰਮ ਨਬਾਇਆ ਸੋਹਣਾ ਮੁਖੋਂ ਸ਼ੁਕਰ ਮਨਾਏ।
ਓਦੋਂ ਹੀ ਸਨ ਸਿੰਘ ਗਾਂਵਦੇ ਅਸੀਂ ਮਨੂੰ ਦੇ ਸੋਏ।
ਜਿਉਂ ਜਿਉਂ ਸਾਨੂੰ ਮੰਨੂੰ ਵਢੇ ਅਸੀਂ ਦੂਣੇ ਚੌਣੇ ਹੋਏ।
ਤਾਹੀਂ ਧਰਕੇ ਸਿਰ ਤਲੀਆਂ ਤੇ ਲੜਦੇ ਵਿਚ ਮੈਦਾਨਾਂ।
'ਕਿਰਤੀ' ਦੁਨੀਆਂ ਦੇ ਵਿਚ ਐਸਾ ਹੋਰ ਨਾ ਡਿਠਾ ਕੋਏ।

(ਪਰ ਕੁਝ ਚਿਰ ਪਿਛੋਂ ਸਿਖਾਂ ਵਿਚ ਫੁਟ ਪੈ ਗਈ)


ਸਿਖ ਕੌਮ ਦੇ ਅੰਦਰ ਡਾਢੀ ਲਗੀ ਫੁਟ ਚਵਾਤੀ।
ਪਰੇਮ ਪਿਆਰ ਉਡਾਇਆ ਸਾਰਾ ਫਿਰ ਗਈ ਤਿਰਛੀ ਕਾਤੀ।
ਧਰਮੋਂ ਧੜੇ ਪਿਆਰੇ ਹੋਏ, ਥਾਂ ਥਾਂ ਹੋਵਣ ਦੰਗੇ।
'ਕਿਰਤੀ' ਸਾਂਝਾ ਦਰਦ ਨਾ ਦਿਸੇ ਬੋਲਣ ਭਾਂਤੋ ਭਾਂਤੀ।
ਜਿਸਨੂੰ ਵੇਖੋ ਉਚਾ ਦਸੇ, ਪਰ ਉਚਾ ਅਗ ਫੜਦਾ।
ਅੰਮ੍ਰਿਤ ਛਕ ਸ਼ਾਂਤ ਨਾ ਹੋਇਆ ਖੁਦੀ ਤਕਬਰ ਸੜਦਾ।