ਪੰਨਾ:ਤੱਤੀਆਂ ਬਰਫ਼ਾਂ.pdf/41

ਇਹ ਸਫ਼ਾ ਪ੍ਰਮਾਣਿਤ ਹੈ



(੩੬)

ਮਨ ਵਿਚ ਸਤਿਗੁਰਾਂ ਦਾ ਪ੍ਰੇਮ ਉਪਜਨਾ

ਥਕ ਟੁਟ ਕੇ ਫੇਰ ਵਿਚਾਰ ਕਰਦਾ,
ਮਨਾ ਮੂਰਖਾ ਛਡ ਗੁਮਾਨ ਵਿਚੋਂ।
ਏਸੇ ਤਰਾਂ ਜੇਕਰ ਰਿਹੋਂ ਭੁਲਦਾ ਤੂੰ,
ਖਾਲੀ ਜਾਏਂਗਾ ਏਸ ਮਦਾਨ ਵਿਚੋਂ।
ਜੇ ਨਹੀਂ ਗੁਰੂ ਫੜਿਆ ਤਾਂ ਹੁਣ ਚਰਨ ਫੜਕੇ,
ਪਾਰ ਹੋਵੀਏ ਏਸ ਜਹਾਨ ਵਿਚੋਂ।
ਲਈਏ ਸ਼ਰਨ ਜੇਕਰ ਭੁਲਾਂ ਬਖਸ਼ ਦੇਵੇ,
ਬਖਸ਼ਨਹਾਰ ਹੋਕੇ ਮੇਹਰਬਾਨ ਵਿਚੋਂ।
ਏਸ ਤਰਾਂ ਦੀਆਂ ਸੋਚਾਂ ਸੋਚਕੇ ਤੇ,
ਫੰਦਕ ਵਾਂਗਰਾਂ ਪ੍ਰੇਮ ਨੂੰ ਤਾਨਿਓ ਸੂ।
ਬਗਲੇ ਵਾਂਗ ਸਮਾਧ ਲਗਾ ਬੈਠਾ,
'ਕਿਰਤੀ' ਫੇਰ ਭੀ ਭੇਦ ਨਾ ਜਾਨਿਓ ਸੂ।

ਸਤਿਗੁਰ ਜੀ ਦੇ ਪ੍ਰਤੱਖ ਦਰਸ਼ਨ ਤੇ ਨਦਰੀ ਨਦਰ ਨਿਹਾਲ


ਬਿਰਧ ਪਾਲ ਗੁਰੂ ਜੀ ਖਲੇ ਕੋਲ ਆਕੇ,
ਕੀਤੀ ਬੇਨਤੀ ਜਦੋਂ ਅਧੀਰ ਹੋਕੇ।
ਜਲਵਾ ਵੇਂਹਦਿਆਂ ਹੀ ਪਰੇਸ਼ਾਨ ਹੋਇਆ
ਮੂਸੇ ਵਾਂਗਰਾਂ ਖਲਾ ਤਸਵੀਰ ਹੋਕੇ।
ਤੋਬਾ ਕਰੇ ਗੁਨਾਹ ਨੂੰ ਯਾਦ ਕਰਕੇ,
ਖੂਨ ਅਖੀਓਂ ਵਗਿਆ ਨੀਰ ਹੋਕੇ।
ਇਕੋ ਨਦਰ ਦੇ ਨਾਲ ਨਿਹਾਲ ਹੋਇਆ,
ਫਿਰ ਗਈ ਮੇਹਰ ਦੀ ਜਦੋਂ ਅਕਬੀਰ ਹੋਕੇ।
ਏਸ ਹਾਲ ਡਿਠਾ ਜਦੋਂ ਸੈਦ ਖਾਂ ਨੂੰ,
ਪੜਦਾ ਦੂਈ ਵਾਲਾ ਵਿਚੋਂ ਦੂਰ ਕੀਤਾ।
'ਕਿਰਤੀ' ਫਰਸ਼ ਤੋਂ ਚੁਕਕੇ ਗਲੇ ਲਾਇਆ,
ਇਕ ਪਲਕ ਅੰਦਰ ਨੂਰੋ ਨੂਰ ਕੀਤਾ।