ਪੰਨਾ:ਤੱਤੀਆਂ ਬਰਫ਼ਾਂ.pdf/4

ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਮੇਰੇ ਵਲੋਂ

ਮੈਂ ਇਸ ਰਚਨਾ ਨੂੰ ਬੜੇ ਗਹੁ ਨਾਲ ਪੜ੍ਹਿਆ ਹੈ ਅਤੇ ਜੋ ਕੁਝ ਮੈਨੂੰ ਭਾਸਿਆ ਹੈ ਉਹ ਇਹ ਹੈ ਕਿ ਇਸ ਵਿਚ ਬੜੇ ਸੋਹਣੇ ਢੰਗ ਨਾਲ ਸਤਿਜੁਗ ਤੋਂ ਲੈ ਕੇ ਕਲਜੁਗ ਤਕ ਦੇ ਹਾਲਾਤ ਦਸੇ ਹਨ। ਹਰ ਕਵਿਤਾ ਦਾ ਹਰ ਇਕ ਲਫਜ਼ ਬੀਤੇ ਇਤਿਹਾਸ, ਹੋਏ ਸ਼ਹੀਦਾਂ, ਆਏ ਤੁਫਾਨਾਂ, ਸਮਾਜੀ ਊਣਤਾਈਆਂ ਤੇ ਮਨੁਖੀ ਕਮਜ਼ੋਰੀਆਂ ਦੀ ਤਸਵੀਰ ਹੈ।

ਜ਼ਿੰਦਗੀ ਦੀ ਫਲਾਸਫੀ ਨੂੰ ਸਾਹਮਣੇ ਰਖਕੇ ਬਹੁਤ ਗੁੰਝਲਾਂ ਖੋਹਲ ਕੇ ਰਖੀਆਂ ਹਨ। ਦੁਨੀਆਂ ਦਾ ਹਰ ਇਕ ਮਨੁਖ ਖੁਦਗਰਜ਼ੀ ਦੇ ਜਾਲ ਵਿਚ ਫਸਿਆ ਹੋਇਆ ਹੈ ਤੇ ਹਰ ਤਗੜਾ ਹਰ ਮਾੜੇ ਨੂੰ ਆਪਣੇ ਅਧੀਨ ਰਖਣਾ ਚਾਹੁੰਦਾ ਹੈ। ਜਿਹਾ ਕਿ:-

ਕੀਕਰ ਮਨੁੱਖ ਸਦਾਨਾ ਏਂ।

ਮਨੁਖਤਾ ਦੀ ਉਚੀ ਨਿਸ਼ਾਨੀ ਹਮ ਜਿਨਸਾਂ ਨੂੰ ਪਿਆਰ ਕਰ ਸਕਣ ਦੀ ਤਾਕਤ ਤੇ ਹਰ ਹਾਲਤ ਵਿਚ ਵਾਹਿਗੁਰੂ ਦਾ ਸ਼ੁਕਰ ਕਰਨ, ਦੀ ਤੀਬਰਤਾ ਤੇ ਕੀਤੇ ਬਚਨ ਨੂੰ ਪੂਰਾ ਕਰ ਸਕਣ ਦੀ ਸ਼ਕਤੀ ਹੈ। ਉਹ ਮਨੁਖ ਕਦੇ ਸ਼ੁਕਰ ਨਹੀਂ ਕਰ ਸਕਦਾ ਜਿਹੜਾ ਆਪਣੇ ਤੋਂ ਵਡਿਆਂ ਵਲ ਤਕਦਾ ਹੈ ਸ਼ੁਕਰ ਉਸ ਵਕਤ ਹੀ ਹੋ ਸਕਦਾ ਹੈ ਜਦੋਂ ਆਪਣੇ ਤੋਂ ਨੀਵਿਆਂ ਵਲ ਤਕਿਆ ਜਾਏ, ਉਨ੍ਹਾਂ ਦੀਆਂ ਪੀੜਾਂ ਵਲ ਵੇਖਿਆ ਜਾਏ। ਸਾਡੇ ਅਮਲਾਂ ਦੀ ਸਚਾਈ ਤੇ ਸ਼ੁਕਰ ਕਰ ਸਕਣ ਦੀ ਸ਼ਕਤੀ ਹੀ ਸਾਨੂੰ ਰਬ ਤਕ ਅਪੜਾ ਸਕਦੀ ਹੈ।

ਸ਼ੁਕਰ ਮਿਲੇ 'ਕਿਰਤੀ' ਤਾਂ ਫਿਰ ਰਬ ਮਿਲਦਾ।
ਜੇਕਰ ਲਭੀਏ ਅਮਲ ਦੇ ਸੁਚਿਆਂ ਨੂੰ।