ਪੰਨਾ:ਤੱਤੀਆਂ ਬਰਫ਼ਾਂ.pdf/18

ਇਹ ਸਫ਼ਾ ਪ੍ਰਮਾਣਿਤ ਹੈ

(੧੩)

ਹੰਕਾਰ ਦੀ ਗਰਜ (ਮਰਦਾਂ ਬਾਰੇ)

ਜਦੋਂ ਉਠ ਹੰਕਾਰ ਫੁੰਕਾਰ ਮਾਰੀ,
ਆਖੇ ਵੇਖਨਾ ਕੀ ਕਰਾਵਨਾ ਏਂ।
ਐਸੀ ਜੰਮਦਿਆਂ ਕੰਨ ਚਿ ਫੂਕ ਮਾਰਾਂ,
ਟੀਸੀ ਚੁਕ ਦੀਮਾਗ ਝੜਾਵਨਾ ਏਂ।
ਛੋਟੇ ਹੁੰਦਿਆਂ ਹੀ ਸੁਨੇ ਬਾਪ ਦੀ ਨਾ,
ਐਸਾ ਓਸਨੂੰ ਸਬਕ ਪੜਾਵਨਾ ਏਂ।
ਵਿਦਵਾਨ ਵੀ ਤਦੋਂ ਵਰਾਨ ਹੋਸਨ,
ਚੱਕਰ ਅਸਾਂ ਨੇ ਜਦੋਂ ਭਵਾਵਨਾ ਏਂ।
ਦਾਤੇ ਦਾਨ ਕਰ ਆਪ ਗਵਾ ਲੈਸਨ,
ਥਾਂ ਥਾਂ ਓਹਨਾਂ ਨੂੰ ਨਸ਼ਰ ਕਰਾਵਨਾ ਏਂ।
ਹੋਵਨ ਸੂਰਮੇ ਮਸਤ ਜਾਂ ਵਾਂਗ ਹਾਥੀ,
ਓਹਨਾਂ ਕਿਸੇ ਦਾ ਕੀ ਬਨਾਵਨਾ ਏਂ।
ਧਰਮੀ ਧਰਮ ਕਰਕੇ ਏਡੇ ਫੁਲ ਜਾਸਨ,
ਹਥੀਂ ਆਪਣੀ ਮਾਨ ਗਵਾਵਨਾ ਏਂ।
ਕਾਮ ਕਰੋਧ ਮੋਹ ਲੋਭ ਤੋਂ ਬਚੇ ਜੇਹੜਾ,
ਐਸਾ ਉਸ ਨੂੰ ਰੜੇ ਮਰਵਾਵਨਾ ਏਂ।
ਪੰਜੇ ਐਬ ਕਰਕੇ ਜੇਹੜਾ ਘਰੋਂ ਆਵੇ,
ਓਹਨੂੰ ਚੁਕ ਸਰਪੰਚ ਬਨਾਵਨਾ ਏਂ।
ਪੂਛ ਲੀਡਰੀ ਦੀ ਕੈਮ ਰਖਨੇ ਨੂੰ,
ਤਰਾਂ ਤਰਾਂ ਦਾ ਸਾਂਗ ਬਨਾਵਨਾ ਏਂ।
ਕਦੇ ਦੇਸ਼ ਸੇਵਾ ਦੇ ਕੌਮ ਪੂਜਾ,
ਰਾਖੇ ਧਰਮ ਦੇ ਕਦੇ ਅਖਵਾਵਨਾ ਏਂ।
ਵੇਂਹਦੇ ਵੇਂਹਦਿਆਂ ਝਟ ਸਰੋਤਿਆਂ ਦੀ,
ਘਟਾ ਅਖੀਆਂ ਦੇ ਵਿਚ ਪਾਵਨਾ ਏਂ।