ਪੰਨਾ:ਤੱਤੀਆਂ ਬਰਫ਼ਾਂ.pdf/17

ਇਹ ਸਫ਼ਾ ਪ੍ਰਮਾਣਿਤ ਹੈ



(੧੨)



ਮੋਹ

ਮੋਹ ਆਖਦਾ ਫੜਾਂ ਨਾਂ ਮਾਰਦਾ ਹਾਂ,
ਇਕੋ ਸੰਗਲੀ ਪੈਰ ਪਵਾ ਦਿਆਂਗਾ।
ਬਚ ਜਾਏਗਾ ਕਿਸਤਰਾਂ ਨਾਲ ਮੈਥੋਂ,
ਤੀਰ ਵਿਚ ਸੀਨੇ ਸਿਧਾ ਲਾ ਦਿਆਂਗਾ।
ਰੋਂਦਾ ਫਿਰੇਗਾ ਕਿਤੇ ਉਹ ਉਮਰ ਸਾਰੀ,
ਜਿੰਨੂੰ ਇਕ ਵਾਰੀ ਹਥ ਲਾ ਦਿਆਂਗਾ।
ਪਲਕ ਵਿਚ ਵਿਛੋੜੇ ਦੇ ਤੀਰ ਫੜਕੇ,
ਸੀਨੇ ਵਿੰਨ ਕੇ ਕੋਲ ਰਖਾ ਦਿਆਂਗਾ।
ਖੋਹ ਖੋਹ ਕੇ ਸਿਰਾਂ ਦੇ ਵਾਲ ਸੁਟੇ,
ਇਕ ਵਾਰ ਤਾਂ ਸੁਰਤ ਭੁਲਾ ਦਿਆਂਗਾ।
ਬਿਟ ਬਿਟ ਤਕਦਾ ਰਹੂਗਾ ਵਾਂਗ ਉਲੂ,
ਐਸਾ ਅਕਲ ਨੂੰ ਜੰਦਰਾ ਲਾ ਦਿਆਂਗਾ।
ਕਿਸੇ ਗਲ ਜੋਗਾ ਨਹੀਂ ਰਹਿਣ ਦੇਣਾ,
ਜਿਨੂੰ ਆਪਣਾ ਰੂਪ ਵਖਾ ਦਿਆਂਗਾ।
ਜਾਦੂ ਧੂੜ ਕੇ ਪੁਰਸ਼ ਦੀ ਅਖੀਆਂ ਚਿ,
ਉਹ ਅੰਨ੍ਹਾ ਸੂਰਮਾਂ ਓਸ ਬਣਾ ਦਿਆਂਗਾ,
ਦਿਨੇ ਰਾਤ ਰੈਹਸੀ ਕਰਦਾ ਕੀਰਨੇ ਓਹ,
ਐਸੀ ਸੁਰਤ ਦੀ ਸੁਰਤ ਭਲਾ ਦਿਆਂਗਾ।
ਐਸਾ ਕੋਹ ਕੇ ਸੁਟਸਾਂ ਮੂੰਹ ਪਰਨੇ,
ਹਡੀ ਪਸਲੀ ਕੁਲ ਤੁੜਾ ਦਿਆਂਗਾ।
ਰਹਿਸੀ ਆਪਣੋ ਆਪਣੀ ਪਈ ਸਭਨਾਂ,
ਜਾਦੂ ਸਿਰਾਂ ਤੇ ਧੂੜ ਵਖਾ ਦਿਆਂਗਾ।
‘ਕਿਰਤੀ’ ਮੂਰਖਾਂ ਦੀ ਹੀ ਇਕ ਪਾਸੇ,
ਮਤ ਦਾਨਿਆਂ ਮਾਰ ਵਖਾ ਦਿਆਂਗਾ।