37
ਗੁਆਚਾ ਫਿਰ ਰਿਹਾਂ ਦੱਸੋ ਮੇਰਾ ਘਰ ਬਾਰ ਕਿੱਥੇ ਹੈ?
ਮੈਂ ਜਿਸ ਤੋਂ ਨਿਖੜਿਆਂ ਉਹ ਪੰਛੀਆਂ ਦੀ ਡਾਰ ਕਿੱਥੇ ਹੈ?
ਮੈਂ ਗੂੜ੍ਹੀ ਨੀਂਦ ਵਿਚੋਂ ਜਾਗਿਆਂ ਮੈਨੂੰ ਵਿਖਾਓ ਤਾਂ,
ਮੈਂ ਜਿਹੜਾ ਸੁਪਨਿਆਂ ਵਿਚ ਸਾਜਿਆ ਸੰਸਾਰ ਕਿੱਥੇ ਹੈ?
ਮੈਂ ਨਾਨਕ ਦਾ ਰਬਾਬੀ ਹਾਂ ਭਰਾਓ ਮੈਂ ਪੰਜਾਬੀ ਹਾਂ,
ਲਿਆਓ ਜੋੜ ਕੇ ਦੇਵਾਂ ਉਹ ਟੁੱਟੀ ਤਾਰ ਕਿੱਥੇ ਹੈ?
ਤੁਸੀਂ ਜਿਸ ’ਤੇ ਚੜ੍ਹਾਉਣਾ ਸੀ ਤੇ ਉਸ ਨੇ ਮੁਸਕਰਾਉਣਾ ਸੀ,
ਮਸੀਹਾ ਲੱਭਦਾ ਫਿਰਦੈ ਭਲਾ ਉਹ ਦਾਰ ਕਿੱਥੇ ਹੈ?
ਮੈਂ ਜਿਸ ਦੇ ਨਾਲ ਪੰਜ ਸਦੀਆਂ ਹੰਢਾਈਆਂ ਧੁੱਪ ਛਾਂ ਬਣ ਕੇ,
ਮੇਰਾ ਨਾਨਕ ਨਾ ਖੋਹਵੋ ਦੱਸੋ ਮੇਰਾ ਯਾਰ ਕਿੱਥੇ ਹੈ?
ਇਹ ਮੇਰਾ ਸਾਜ਼ ਹੈ, ਆਵਾਜ਼ ਹੈ, ਪਰਵਾਜ਼ ਵੀ ਵੇਖੋ,
ਤੇ ਫਿਰ ਦੱਸੋ ਕਿ ਇਸ ਤੋਂ ਵੱਧ ਖਰਾ ਹਥਿਆਰ ਕਿੱਥੇ ਹੈ?
ਮੈਂ ਮੋਏ ਪੁੱਤਰਾਂ ਨੂੰ ਗਿਣਦਿਆਂ ਖ਼ੂੰਖਾਰ ਨਾ ਬਣ ਜਾਂ,
ਲਿਆਉ ਪਾੜ ਦੇਵਾਂ ਅੱਜ ਦਾ ਅਖ਼ਬਾਰ ਕਿੱਥੇ ਹੈ?
ਮੈਂ ਕਿੱਧਰ ਜਾ ਰਿਹਾਂ ਵੇਖੋ ਮੇਰਾ ਅਗਲਾ ਪੜਾਅ ਕਿਥੇ,
ਭਟਕਦੀ ਰੂਹ ਦਾ ਇਸ ਯੁੱਗ ’ਚ ਇਤਬਾਰ ਕਿੱਥੇ ਹੈ?
*
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /63