ਇਹ ਸਫ਼ਾ ਪ੍ਰਮਾਣਿਤ ਹੈ
32
ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ।
ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ।
ਮਾਰੂਥਲ ਵਿਚ ਪੈੜ ਤੇਰੀ ਤਾਂ ਮਿਟ ਚੱਲੀ ਸੀ ਰੇਤੇ ਹੇਠ,
ਮਹਿਕ ਤੇਰੀ ਨੇ ਉਂਗਲੀ ਫੜ ਕੇ ਸਾਥ ਨਿਭਾਇਆ ਸਾਹਵਾਂ ਨਾਲ।
ਖੜ੍ਹੇ ਖਲੋਤੇ ਸੁੱਕੇ ਰੁੱਖ ਨੂੰ ਲੱਕੜਹਾਰੇ ਚੀਰ ਧਰਨ,
ਰਾਹਗੀਰਾਂ ਨੂੰ ਮਤਲਬ ਹੁੰਦੈ ਬੱਸ ਇਕੱਲੀਆਂ ਛਾਵਾਂ ਨਾਲ।
ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ,
ਮੱਥੇ ਨੂੰ ਵੀ ਤੁਰਨਾ ਪੈਂਦੈ ਇਕਜੁੱਟ ਹੋ ਕੇ ਬਾਹਵਾਂ ਨਾਲ।
ਜਗਦੇ ਬੁਝਦੇ ਅੱਖਰ ਬਾਤਾਂ ਪਾਉਂਦੇ ਨੇ ਜਦ ਸ਼ਾਮ ਢਲੇ,
ਬੁੱਝਣ ਵਾਲੇ ਬੁੱਝ ਲੈਂਦੇ ਨੇ ਕੁਝ ਨਾਵਾਂ ਕੁਝ ਥਾਵਾਂ ਨਾਲ।
ਦਿਸ਼ਾ-ਸੂਚਕੋ ਸੇਧ ਸੁਚੱਜੀ, ਤੁਸੀਂ ਕੀ ਦੇਣੀ ਰਾਹੀਆਂ ਨੂੰ,
ਤੁਸੀਂ ਤਾਂ ਘੁੰਮਣਘੇਰ 'ਚ ਪੈਗੇ ਵਗਦੀਆਂ ਤੇਜ਼ ਹਵਾਵਾਂ ਨਾਲ।
ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਏ,
ਪੱਥਰਾਂ ਨੂੰ ਪਿਘਲਾ ਸਕਦਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।
*
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /58