ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/133

ਇਹ ਸਫ਼ਾ ਪ੍ਰਮਾਣਿਤ ਹੈ

———102———

ਤੁਰ ਪਈਏ, ਰੁਕ ਜਾਈਏ, ਏਦਾਂ ਕਰਦੇ ਰਹੇ।
ਦੋਚਿੱਤੀ ਵਿਚ ਘਿਰ ਕੇ, ਬਹੁਤੇ ਮਰਦੇ ਰਹੇ।

ਨੈਣਾਂ ਦੇ ਸਰਵਰ ਵਿਚ ਡੁੱਬਦੇ ਵੇਖੇ ਨੇ,
ਜਿਹੜੇ ਲੋਕੀਂ ਸੱਤ ਸਮੁੰਦਰ ਤਰਦੇ ਰਹੇ।

ਬੀਜ ਪੋਰ ਕੇ ਜਿਹੜੇ ਲੋਕੀਂ ਸੌਂ ਜਾਂਦੇ,
ਫ਼ਸਲ ਉਨ੍ਹਾਂ ਦੀ ਜੰਤ ਜਾਂਗਲੀ ਚਰਦੇ ਰਹੇ।

ਫ਼ਰਕ ਆਜ਼ਾਦ ਗੁਲਾਮ 'ਚ ਕਿੱਦਾਂ ਸਮਝਣਗੇ,
ਜਿਹੜੇ ਲੋਕੀਂ ਜਬਰ ਹਮੇਸ਼ਾ ਜਰਦੇ ਰਹੇ।

ਦੂਸਰਿਆਂ ਲਈ ਨਫ਼ਰਤ ਦੀ ਅੱਗ ਬਾਲਣ ਉਹ,
ਮਨ ਦੇ ਪਾਲੇ ਅੰਦਰ ਜਿਹੜੇ ਠਰਦੇ ਰਹੇ।

ਨੰਗੀ ਰੂਹ ਤੋਂ ਡਰਦੇ ਮਾਰੇ ਬਹੁਤੇ ਲੋਕ,
ਖਿੜਕੀ ਅਗੇ ਕਰਦੇ ਗੂੜ੍ਹੇ ਪਰਦੇ ਰਹੇ।

ਸੱਚ ਬੋਲਣ ਦੀ ਕੀਮਤ ਕਿਥੋਂ ਤਾਰਾਂਗੇ,
ਮੇਰੇ ਵਰਗੇ ਏਸੇ ਗੱਲ ਤੋਂ ਡਰਦੇ ਰਹੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /133