ਇਹ ਸਫ਼ਾ ਪ੍ਰਮਾਣਿਤ ਹੈ
99
ਦਿਸਦੀ ਨਹੀਂ ਅਣਦਿਸਦੀ ਸ਼ਕਤੀ, ਜਿਉਂ ਬਿਜਲੀ ਦੀ ਤਾਰ ਦੇ ਅੰਦਰ।
ਕਿੱਦਾਂ ਤੈਨੂੰ ਦੱਸਾਂ ਹੁਣ ਮੈਂ, ਕੀ ਕੁਝ ਹੈ ਸਰਕਾਰ ਦੇ ਅੰਦਰ।
ਲੀਲ੍ਹਾ ਅਪਰਮ ਪਾਰ ਅਪਾਰੀ, ਪਿਆਰ ਮੁਹੱਬਤ ਖ਼ੁਸ਼ਬੂ ਸਾਰੀ,
ਹਰ ਗੋਪੀ ਹਾਣੀ ਨੂੰ ਲੱਭਦੀ, ਅਪਣੇ ਕ੍ਰਿਸ਼ਨ ਮੁਰਾਰ ਦੇ ਅੰਦਰ।
ਪ੍ਰੇਮ ਦੇ ਢਾਈ ਅੱਖਰ ਹੀ ਨਾ ਕੁੱਲ ਹਯਾਤੀ ਸਮਝ ਪਏ ਨੇ,
ਇਸ ਤੋਂ ਅੱਗੇ ਦੱਸ ਤੂੰ ਆਪੇ, ਕੀਹ ਜਾਂਦਾ ਵਿਸਥਾਰ ਦੇ ਅੰਦਰ।
ਬੰਦਾ ਤਾਂ ਹਥਿਆਰ ਦੇ ਵਾਂਗੂੰ ਆਪ ਬੇਗਾਨੇ ਹੱਥ ਵਿਚ ਹੁੰਦੈ,
ਹੋਰ ਬੜਾ ਕੁਝ ਸ਼ਾਮਲ ਹੁੰਦੈ, ਦਸਤੇ ਬਿਨ ਤਲਵਾਰ ਦੇ ਅੰਦਰ।
ਚੋਰ ਭੁਲਾਈਆਂ, ਲੁਕਣ ਮਚਾਈਆਂ, ਆਪਣੇ ਨਾਲ ਖੇਡਦੇ ਰਹੀਏ,
ਪੇਸ਼ ਕਦੇ ਨਾ ਹੋਈਏ ਆਪਾਂ ਰੂਹ ਵਾਲੇ ਦਰਬਾਰ ਦੇ ਅੰਦਰ।
ਸੁੱਖ ਦੀ ਛਾਂ ਨੇ ਵੇਖ ਕਮੀਨਾ ਕਿੰਨਾ ਸਾਨੂੰ ਕਰ ਛੱਡਿਆ ਏ,
ਫਿਰਨ ਗੁਆਚੇ ਪੱਗ ਤੇ ਚੁੰਨੀ, ਹੁਣ ਸਾਡੇ ਕਿਰਦਾਰ ਦੇ ਅੰਦਰ।
ਪਿੰਡ ਇਕੱਲਾ ਹੀ ਨਾ ਬਸਤੀ, ਬਹੁਤ ਉਚੇਰੀ ਇਸ ਦੀ ਹਸਤੀ,
ਲੱਭੋ ਇਸ ਦੇ ਅਰਥ ਗੁਆਚੇ, ਆਪਣੇ ਸਭਿਆਚਾਰ ਦੇ ਅੰਦਰ।
*
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /129