ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਤਰਕ ਬੁੱਧੀ ਨੂੰ ਸੰਭਾਲੋ, ਫਿਰ ਨਿਸ਼ਾਨਾ ਸੇਧਿਓ,
ਤੀਰ ਤੰਦੀ ਚਾੜ੍ਹ ਰੱਖੋ, ਅਕਲ ਦੀ ਕੱਸ ਕੇ ਕਮਾਨ।

ਕਤਲਗਾਹ ਵਿਚ ਕਾਤਲਾਂ ਨੂੰ ਇਹ ਸੁਨੇਹਾ ਦੇ ਦਿਓ,
ਮਰਨ ਮਾਰਨ ਤੋਂ ਅਗਾਂਹ ਹੈ, ਜ਼ਿੰਦਗੀ ਕਬਰਾਂ ਸਮਾਨ।

ਇਹ ਭੁਲੇਖਾ ਦੂਰ ਕਰਨਾ ਵੀ ਤਾਂ ਸਾਡਾ ਧਰਮ ਹੈ,
ਜ਼ਿੰਦਗੀ ਨੂੰ ਮਸਲ ਸਕਦਾ ਨਾ ਕਦੇ ਕੋਈ ਸ਼ੈਤਾਨ।

ਤੂੰ ਖ਼ੁਦਾਈ ਰਹਿਮਤਾਂ ਨੂੰ, ਜ਼ਹਿਮਤਾਂ 'ਚੋਂ ਢੂੰਡ ਨਾਂਹ,
ਸਾਬਰਾਂ ਤੇ ਜਬਰ ਕਰਨਾ, ਹੈ ਭਲਾ ਕਿਹੜਾ ਈਮਾਨ।

ਏਸ ਧਰਤੀ ਨੂੰ ਸਿਖਾਓ, ਮਹਿਕਦੇ ਜੀਵਨ ਦਾ ਗੀਤ,
ਜ਼ਰਦ ਹੋਨਾਂ 'ਤੇ ਟਿਕਾਉ ਫੇਰ ਤੋਂ ਵੰਝਲੀ ਦੀ ਤਾਨ।

ਜੇ ਨਹੀਂ ਬੋਲੇ ਅਜੇ ਤਾਂ ਹੋਰ ਬੋਲੋਗੇ ਕਦੋਂ,
ਮਿਟ ਰਿਹਾ ਏ ਧਰਤ ਉੱਤੋਂ ਅਦਲ ਦਾ ਨਾਮੋ-ਨਿਸ਼ਾਨ।

ਅਗਨ ਬਾਣਾਂ ਧਰਤੀ ਵਿੰਨ੍ਹੀ, ਚੁੱਪ ਹੈ ਅਸਮਾਨ ਵੇਖ,
ਛਾਨਣੀ ਹੋਏ ਨੇ ਪੱਤੇ ਭੁੱਲ ਗਏ ਪੰਛੀ ਉਡਾਨ।

ਹੱਥ ਵਿਚ ਹਥਿਆਰ ਲੈ ਕੇ ਫਿਰ ਰਿਹੈਂ, ਤੂੰ ਸੁਣ ਜ਼ਰਾ,
ਅੱਤ ਮਗਰੋਂ ਅੰਤ ਹੁੰਦੈ, ਖ਼ਾਕ ਵਿਚ ਮਿਲਦੈ ਗ਼ੁਮਾਨ।

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /112