ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/111

ਇਹ ਸਫ਼ਾ ਪ੍ਰਮਾਣਿਤ ਹੈ

———83———

ਪਾਕਿਸਤਾਨ ਦੀ ਸਵਾਤ ਘਾਟੀ ਦੀ
ਗਾਇਕਾ ਗ਼ਜ਼ਾਲਾ ਜਾਵੇਦ ਦੇ ਨਾਂ ਜਿਸ ਨੂੰ ਗਾਉਣ ਬਦਲੇ
ਮੂਲਵਾਦੀਆਂ ਨੇ ਬੇਰਹਿਮੀ ਨਾਲ ਪਿਤਾ ਸਮੇਤ ਸਿਖ਼ਰ ਦੁਪਹਿਰੇ ਗੋਲੀ
ਨਾਲ ਫੁੰਡਿਆ

ਮੌਤ ਹੱਥੋਂ ਹੋ ਰਿਹਾ ਏ ਜ਼ਿੰਦਗੀ ਦਾ ਇਮਤਿਹਾਨ।
ਹੋਰ ਕਿਸ ਨੂੰ ਆਖਦੇ ਨੇ ਨਰਕ, ਦੱਸੋ ਮਿਹਰਬਾਨ!

ਬੋਲਦਾ ਕੋਈ ਨਹੀਂ, ਨਾ ਚੀਖ਼ ਸੁਣਦੀ ਹੈ ਕਿਤੇ,
ਜੀਭ ਨੂੰ ਤੰਦੂਆ ਕਿਉਂ ਹੈ, ਕੁੱਲ ਆਲਮ ਬੇਜ਼ਬਾਨ।

ਧਰਮ ਤੇ ਇਖ਼ਲਾਕ ਦੋਵੇਂ ਅਰਥਹੀਣੇ ਹੋ ਗਏ,
ਅਰਥ ਮਨਮਰਜ਼ੀ ਦੇ ਕਰਕੇ, ਦੱਸਦੈ ਸਾਨੂੰ ਸ਼ੈਤਾਨ।

ਤਿਤਲੀਆਂ ਨੂੰ ਖੰਭ ਫੜਕਣ ਦੀ ਮਨਾਹੀ ਕਰ ਦਿਉ,
ਇਹ ਭਲਾ ਕਿਹੜੀ ਸ਼ਰੀਅਤ, ਇਹ ਭਲਾ ਕਿਹੜਾ ਵਿਧਾਨ?

ਨੂੜ ਕੇ ਬਾਹਾਂ ਤੇ ਲੱਤਾਂ, ਕੋੜਿਆਂ ਦੀ ਮਾਰ ਹੇਠ,
ਮੂਧੜੇ ਮੂੰਹ ਧਰਤ ਉੱਤੇ, ਸਹਿਕਦੀ ਮਾਸੂਮ ਜਾਨ।

ਕਿਹੜਿਆਂ ਮਦਰੱਸਿਆਂ ਤੋਂ ਨਾਗ ਪੜ੍ਹ ਕੇ ਆਏ ਨੇ,
ਡੰਗਦੇ ਧੀਆਂ ਤੇ ਭੈਣਾਂ, ਇਹ ਅਨੋਖੇ ਤਾਲਿਬਾਨ।

ਕੁੱਲ ਆਲਮ ਘੂਕ ਸੁੱਤਾ, ਜ਼ੁਲਮ ਹੁੰਦਾ ਵੇਖ ਕੇ,
ਜ਼ੁਲਮ ਕਰਨਾ, ਸਹਿਣ ਕਰਨਾ, ਕੁਫ਼ਰ ਹੈ ਦੱਸੇ ਕੁਰਾਨ।

ਜੋ ਮਨੁੱਖੀ ਜਾਨ ਲਏ, ਹੈਵਾਨ ਸਮਝੋ ਓਸ ਨੂੰ,
ਦੇਸ਼ ਭਗਤੋ, ਖ਼ੁਦਪ੍ਰਸਤੋ, ਕਰ ਦਿਓ ਫੌਰੀ ਐਲਾਨ।

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /111