ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/100

ਇਹ ਸਫ਼ਾ ਪ੍ਰਮਾਣਿਤ ਹੈ



———72———

ਕਿਤਾਬਾਂ ਜੋ ਨਹੀਂ ਕਰ ਸਕਦੀਆਂ, ਆਵਾਜ਼ ਕਰਦੀ ਹੈ।
ਇਹੀ ਆਵਾਜ਼ ਤਾਂ ਸਭ ਕੋਰਿਆਂ ਸ਼ਬਦਾਂ ਦੀ ਵਰਦੀ ਹੈ।

ਬੜੀ ਬਲਵਾਨ ਭਾਵੇਂ ਬਾਦਸ਼ਾਹੀ ਹੈ ਹਨ੍ਹੇਰੇ ਦੀ,
ਤੁਸੀਂ ਇਹ ਵੇਖ ਲੈਣਾ, ਦੀਵਿਆਂ ਤੋਂ ਬਹੁਤ ਡਰਦੀ ਹੈ।

ਇਹ ਰਾਵਣ ਢੇਰ ਹੋ ਜਾਵੇ, ਦੁਸਹਿਰਾ ਫੇਰ ਨਾ ਆਵੇ,
ਕਈ ਸਦੀਆਂ ਪੁਰਾਣੀ ਰੀਝ ਹੁਣ ਜੀਂਦੀ ਨਾ ਮਰਦੀ ਹੈ।

ਮੈਂ ਸੁਪਨੇ ਬੀਜਦਾਂ, ਖੇਤੀਂ ਕਿਆਰੇ ਆਪ ਸਿੰਜਦਾ ਹਾਂ,
ਪਛਾਣੋ ਕੌਣ ਜੋ, ਉੱਗਦੀ ਅੰਗੂਰੀ ਫ਼ਸਲ ਚਰਦੀ ਹੈ।

ਮੈਂ ਤੇਰੀ ਗਰਮਜੋਸ਼ੀ ਦਾ ਹੁੰਗਾਰਾ ਕਿਸ ਤਰ੍ਹਾਂ ਦੇਵਾਂ,
ਕਿ ਮਨ ਦੇ ਪਾਲ਼ਿਆਂ ਵਿਚ ਖ਼ੁਦ ਮਿਰੀ ਔਕਾਤ ਠਰਦੀ ਹੈ।

ਕਦੇ ਪੌਣਾਂ 'ਚ ਘੁਲ ਜਾਵੇ, ਕਦੇ ਸ਼ਬਦਾਂ 'ਚ ਮਿਲ ਜਾਵੇ,
ਇਹ ਸੁੱਚੀ ਅਗਨ ਹੀ ਫੁੱਲਾਂ 'ਚ ਸੂਹੇ ਰੰਗ ਭਰਦੀ ਹੈ।

ਬੜੇ ਤੂਫ਼ਾਨ, ਝੱਖੜ, ਨ੍ਹੇਰੀਆਂ ਦਾ ਕਹਿਰ ਹੈ ਫਿਰ ਵੀ,
ਗ਼ਜ਼ਲ ਮੇਰੀ ਇਹ ਵੇਖੋ ਜਗਣ ਲਈ ਹਿੰਮਤ ਤਾਂ ਕਰਦੀ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /100