ਪੰਨਾ:ਤਲਵਾਰ ਦੀ ਨੋਕ ਤੇ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆ ਬੁੜਕ ਨਾ ਦੁਸ਼ਮਨਾਂ ਦੇਸ਼ ਦਿਆਂ,
ਖੂਨੀ ਵਾ ਵਰੋਲਿਆ ਪਲਦਿਆ ਵੇ।
ਘੜੀ ਪਲਕ ਨੂੰ ਤੂੰ ਨਹੀਂ ਨਜ਼ਰ ਔਣਾ,
ਚੌਥੇ ਪਹਿਰ ਪਰਛਾਵਿਆਂ ਢਲਦਿਆ ਵੇ।
ਕਰਦਾ ਕੂਚ, ਤੂੰ ਹਿੰਦ ਸਰਾਂ ਵਿਚੋਂ,
ਮੁਠਾਂ ਮੀਟ ਪਰਾਹੁਣਿਆ ਪਲ ਦਿਆ ਵੇ।
ਤੇਲ ਮੁਕਿਆ ਤੇਰਾ ਵੀ ਦਿਸਦਾ ਏ,
ਜੋਰ ਜ਼ੁਲਮ ਦੇ ਦੀਵਿਆ ਬਲ ਦਿਆ ਵੇ।

ਤੇਰੇ ਜ਼ੁਲਮ ਦੀ ਲਾਟ ਨੂੰ ਅਸੀਂ ਹਿੰਦੀ,
ਮਾਰ ਮਾਰ ਕੇ ਫੂਕਾਂ ਬੁਝਾ ਦਿਆਂਗੇ।
ਝੜੀ ਲਾਕੇ 'ਵੀਰ' ਕੁਰਬਾਨੀਆਂ ਦੀ,
ਹਿੰਦ ਅਪਣੇ ਤਾਈਂ ਬਚਾ ਦਿਆਂਗੇ।

--੦--

ਅਨਹੋਣੀਆਂ

ਕੇਲਿਆਂ ਚਿ ਕੰਡੇ ਕਿਸੇ ਬੀਜ ਰਖੇ ਚੰਦਰੇ ਨੇ,
ਤੁਰੇ ਜਾਂਦੇ ਪਿੰਗਲੇ ਦੇ ਪੈਰਾਂ ਵਿਚ ਵੱਜ ਗਏ।
ਕਾਗਤਾਂ ਦੀ ਬੇੜੀ ਅਤੇ ਬਾਂਦਰ ਮਲਾਹ ਹੋਇਆ,
ਕੁੜੀ ਦੇ ਸਿੰਙ ਭੇੜ ਕਰਦਿਆਂ ਹੀ ਭੱਜ ਗਏ।
ਡੱਡੂਆਂ ਦੀ ਪੂਛ ਨਾਲੋਂ ਵਾਲ ਕਟੇ ਘੁੱਗੀਆਂ ਨੇ,
ਗਾਨੀਆਂ ਦੇ ਹਾਰ ਗਲ ਸੱਪਣੀ ਦੇ ਸੱਜ ਗਏ।
ਸਾਨੂੰ ਜੋ ਫੁਟਾਣ ਵਾਲੇ ਧੂੰਏਂ ਦੇ ਵਰੋਲੇ ਵਾਂਗ,
ਪਛਮ ਪਿਛਾੜੀ ਕਰ ਚੜ੍ਹਦਿਆਂ ਨੂੰ ਹੱਜ ਗਏ।

-੧੦੫-