ਪੰਨਾ:ਟੱਪਰੀਵਾਸ ਕੁੜੀ.pdf/98

ਇਹ ਸਫ਼ਾ ਪ੍ਰਮਾਣਿਤ ਹੈ

ਨਾ ਕਰੋ। ਮੈਂ ਤੁਹਾਡੀ ਨਹੀਂ ਹੋ ਸਕਦੀ। ਤੁਸੀਂ ਤੇ ਮਹਾਤਮਾ ਹੋ। ਤੁਹਾਨੂੰ ਤੇ ਹਰ ਵੇਲੇ ਭੱਜਨ ਬੰਦਗੀ ਵਿਚ ਮਘਣ ਰਹਿਣਾ ਚਾਹੀਦਾ ਏ। ਤੁਹਾਡਾ ਅਜਿਹਾਂ ਕੰਮਾਂ ਨਾਲ ਕੀ ਵਾਸਤਾ? ਆਹ - ਮੇਰਾ ਫੀਬਸ - ਉਹ ਜੀਉਂਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਮੈਂ ਨੋਟਰਡੈਮ ਦੇ ਇਕ ਹਨੇਰੇ ਕਮਰੇ ਵਿਚ ਜੀਵਨ ਬਿਤਾ ਰਹੀ ਹਾਂ। ਉਹ ਖ਼ਬਰ ਨਹੀਂ ਕਿਸ ਕਾਰਨ ਕਰਕੇ ਏਥੇ ਨਹੀਂ ਆਉਂਦਾ ਪਰ ਉਹ ਇਕ ਦਿਨ ਜ਼ਰੂਰ ਆਏਗਾ। ਉਸ ਨੂੰ ਆਉਣਾ ਹੀ ਪਵੇਗਾ। ਮੇਰੀਆਂ ਆਹਾਂ - ਮੇਰੀਆਂ ਅਰਦਾਸਾ ਕਦੇ ਵੀ ਨਿਸਫਲ ਨਹੀਂ ਜਾ ਸਕਦੀਆਂ। ਮੈਂ ਦਿਨੇ ਰਾਤ ਉਸ ਦੇ ਵਿਛੋੜੇ ਵਿਚ ਤੜਫਦੀ ਹਾਂ। ਪੌਣ ਦੇ ਝੋਲੇ ਉਸ ਨੂੰ ਮੇਰਾ ਸੁਨੇਹਾ ਦਿੰਦੇ ਹੋਣਗੇ। ਉਹ ਮੈਨੂੰ ਉਨ੍ਹਾਂ ਦੇ ਹਥੀਂ ਸੁਨੇਹੇ ਭੇਜਦਾ ਹੋਵੇਗਾ, ਹਾਂ, ਉਹ ਜ਼ਰੂਰ ਭੇਜਦਾ ਹੈ। ਉਹ ਸਦਾ ਮੇਰੇ ਕੋਲ ਹੈ। ਹੀ, ਹੀਂ, ਹੀਂ, ਮਾਨਯੋਗ ਪਿਤਾ ਜੀ, ਤੁਸੀਂ ਆਪਣੇ ਇਰਾਦਿਆਂ ਵਿਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ।" ਅਸਮਰ ਏਨਾ ਕਹਿ ਕੇ ਚੁਪ ਹੋ ਗਈ।

ਪਾਦਰੀ ਨੇ ਕੈਦੋ ਦੇ ਕੋਲ ਜਾ ਕੇ ਉਸ ਨੂੰ ਇਕ ਠੁਡਾ ਮਾਰਿਆ ਪਰ ਉਹ ਚੁਪ ਚਾਪ ਖੜੋਤਾ ਰਿਹਾ ਅਤੇ ਖੜੋਤਾ ਵੀ ਕਿਵੇਂ ਨਾ ਰਹਿੰਦਾ। ਇਹ ਉਸ ਦਾ ਉਸਤਾਦ ਫਰਲੋ ਸੀ। ਹੁਣ ਪਾਠਕਾਂ ਨੂੰ ਪਤਾ ਲਗ ਗਿਆ ਹੋਵੇਗਾ ਕਿ ਇਹ ਬੁਢਾ ਪਾਦਰੀ ਕੌਣ ਸੀ ਜਿਸ ਨੇ ਫੀਫਸ ਤੇ ਹਲਾ ਕੀਤਾ, ਜਿਹੜਾ ਅਸਮਰ ਨੂੰ ਜੇਹਲ ਵਿਚ ਮਿਲਿਆ ਅਤੇ ਉਸ ਨੂੰ ਉਥੋਂ ਦੌੜ ਜਾਣ ਲਈ ਜ਼ੋਰ ਦਿਤਾ।

ਪਾਦਰੀ ਨੇ ਕੈਦੋ ਦੀ ਪਿਠ ਤੇ ਇਕ ਲੱਤ ਠੋਕੀ ਅਤੇ ਉਹ ਲੜਖੜਾਉਂਦਾ ਹੋਇਆ ਹੇਠਾਂ ਪਥਰਾਂ ਤੇ ਜਾ ਡਿਗਿਆ। ਪਾਦਰੀ ਗੁਸੇ ਵਿਚ ਦੂਜੀਆਂ ਪੌੜੀਆਂ ਵਲ ਵਧਿਆ ਜਿਹੜੀਆਂ ਨੋਟਰਏੈਮ ਦੇ ਮੁਨਾਰੇ ਤੇ ਜਾਂਦੀਆਂ ਸਨ। ਉਹ ਹੌਲੇ ਹੌਲੇ ਪੈਰ ਪੁਟਦਾ ਹੋਇਆ ਪੌੜੀਆਂ ਚੜ੍ਹਨ ਲਗਾ। ਜਦ ਉਹ ਅੱਖਾਂ ਤੋਂ ਉਹਲੇ ਹੋ ਗਿਆ ਤਾਂ ਕੈਦੋ ਆਪਣੀ ਸੀਟੀ ਜ਼ਮੀਨ ਤੋਂ ਚੁਕਕੇ ਅਸਮਰ ਨੂੰ ਫੜਾਉਂਦਾ ਹੋਇਆ, ਉਸਨੂੰ ਇਕਲੀ ਛਡ ਕੇ ਚਲਿਆ ਗਿਆ।

੯੦