ਪੰਨਾ:ਟੱਪਰੀਵਾਸ ਕੁੜੀ.pdf/67

ਇਹ ਸਫ਼ਾ ਪ੍ਰਮਾਣਿਤ ਹੈ

ਹੋ ਗਿਆ। ਮੈਂ ਬੜੀ ਹੈਰਾਨ ਹੋਈ। ਕਪਤਾਨ ਮੁੜ ਆਇਆ ਅਤੇ ਕੁਝ ਚਿਰ ਪਿਛੋਂ ਇਕ ਸੋਹਣੀ ਜਿਹੀ ਕੁੜੀ ਨੂੰ ਆਪਣੇ ਨਾਲ ਲੈ ਆਇਆ। ਉਸਦੇ ਨਾਲ ਇਕ ਸਫ਼ੈਦ ਰੰਗ ਦੀ ਬਕਰੀ ਸੀ। ਮੈਂ ਕੋਈ ਨਾ ਨੁਕਰ ਨ ਕੀਤੀ ਕਿਉਂਕਿ ਮੈਂ ਆਪਣੇ ਪੈਸੇ ਲੈ ਚੁਕੀ ਸਾਂ। ਮੈਂ ਉਨ੍ਹਾਂ ਨੂੰ ਆਪਣੇ ਨਾਲ ਉਪਰ ਲੈ ਗਈ ਅਤੇ ਕਮਰੇ ਵਿਚ ਛਡ ਕੇ ਵਾਪਸ ਆਈ ਅਤੇ ਆ ਕੇ ਚਰਖਾ ਕਤਣ ਲਗ ਪਈ। ਮੈਂ ਜਨਾਬ ਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਮੇਰੇ ਮਕਾਨ ਦੇ ਉਸ ਕਮਰੇ ਦੀ ਬਾਰੀ ਦਰਿਆ ਵਲ ਨੂੰ ਖੁਲ੍ਹਦੀ ਹੈ। ਅਚਾਨਕ ਮੇਰੇ ਕੰਨਾਂ ਵਿਚ ਇਕ ਚੀਖ਼ ਸੁਣੀ ਤੇ ਕੋਈ ਚੀਜ਼ ਦਰਿਆ ਵਿਚ ਡਿਗੀ। ਚਾਨਣੀ ਰਾਤ ਸੀ। ਮੈਂ ਸਾਫ਼ ਦੇਖਿਆ ਉਹੀ ਸਿਆਹ ਪੋਸ਼ ਸ਼ਹਿਰ ਵਲ ਨੂੰ ਦਰਿਆ ਵਿਚ ਤਰ ਰਿਹਾ ਸੀ। ਮੈਂ ਪਹਿਰੇਦਾਰਾਂ ਨੂੰ ਆਵਾਜ਼ ਦਿਤੀ। ਉਹ ਭਜੇ ਆਏ ਤੇ ਆਉਂਦਿਆਂ ਹੀ ਮੈਨੂੰ ਕੁਟਣਾ ਸ਼ੁਰੂ ਕਰ ਦਿਤਾ। ਇਸ ਦੇ ਪਿਛੋਂ ਮੈਂ ਉਨ੍ਹਾਂ ਨੂੰ ਸਭ ਕੁਝ ਦਸਿਆ। ਉਹ ਮੇਰੇ ਨਾਲ ਉਪਰ ਗਏ। ਕਮਰਾ ਲਹੂ ਨਾਲ ਭਰਿਆ ਪਿਆ ਸੀ। ਕਪਤਾਨ ਜਿਸ ਦੇ ਗਲ ਵਿਚ ਤਲਵਾਰ ਪਈ ਹੋਈ ਸੀ ਫ਼ਰਸ਼ ਤੇ ਡਿਗਿਆ ਪਿਆ ਸੀ। ਸਰਕਾਰ ਇਸ ਤੋਂ ਵਧ ਮੈਨੂੰ ਕੁਝ ਵੀ ਪਤਾ ਨਹੀਂ।”

“ਤੂੰ ਅਦਾਲਤ ਸਾਹਮਣੇ ਕੁਝ ਹੋਰ ਤਾਂ ਨਹੀਂ ਕਹਿਣਾ ਚਾਹੁੰਦੀ?” ਜੱਜ ਨੇ ਐਨਕ ਨੂੰ ਹੱਥ ਨਾਲ ਜ਼ਰਾ ਉਤਾਂਹ ਕਰਦਿਆਂ ਹੋਇਆਂ ਪੁਛਿਆ।

“ਨਹੀਂ ਹਜ਼ੂਰ” ਬੁਢੀ ਨੇ ਉਤਰ ਦਿਤਾ।

“ਹੁਣ ਦੋਸ਼ੀ ਨੂੰ ਕਹਿਣ ਦੀ ਆਗਿਆ ਹੈ।” ਜੱਜ ਨੇ ਕਿਹਾ।

ਇਸਦੇ ਪਿਛੋਂ ਦੋਸ਼ੀ ਉਠਿਆ। ਇਹ ਅਸਮਰ ਸੀ। ਗੌਰੀ ਹਕਾ ਬਕਾ ਰਹਿ ਗਿਆ।

“ਫ਼ੀਬਸ”, ਅਸਮਰ ਨੇ ਉਚੀ ਸਾਰੀ ਕਿਹਾ, “ਉਹ ਕਿਥੇ ਹੈ? ਮੈਨੂੰ ਫਾਂਸੀ ਲਟਕਾਉਣ ਤੋਂ ਪਹਿਲੋ਼ ਇਹ ਦੱਸ ਦਿਓ ਕਿ ਕੀ ਉਹ ਜੀਉਂਦਾ ਹੈ?”

“ਬੱਕ ਨਾ ਕੁੜੀਏ।” ਜੱਜ ਨੇ ਕੜਕ ਕੇ ਕਿਹਾ, “ਇਹ ਸਾਡਾ ਕੰਮ ਨਹੀਂ।”

੫੯