ਪੰਨਾ:ਟੱਪਰੀਵਾਸ ਕੁੜੀ.pdf/64

ਇਹ ਸਫ਼ਾ ਪ੍ਰਮਾਣਿਤ ਹੈ

ਤੁਹਾਡੇ ਰਾਹ ਵਿਚ ਵਿਛ ਜਾਣਗੀਆਂ। ਆਹ! ਮੈਂ ਇਕ ਟੱਪਰੀਵਾਸ ਨਾਚੀ ਹੁੰਦਿਆਂ ਹੋਇਆਂ ਵੀ ਕਿਡੀ ਖ਼ੁਸ਼-ਕਿਸਮਤ ਹਾਂ ਕਿ ਮੈਨੂੰ ਇਕ ਕਪਤਾਨ ਪਿਆਰ ਕਰਦਾ ਹੈ। ਆਹ, ਮੇਰੇ ਕਪਤਾਨ, ਮੇਰੇ ਪਿਆਰੇ ਫੀਬਸ।” ਇਹ ਕਹਿੰਦਿਆਂ ਹੋਇਆਂ ਉਸਨੇ ਆਪਣੀਆਂ ਬਾਹਾਂ ਉਸ ਦੇ ਗਲ ਵਿਚ ਪਾ ਦਿਤੀਆਂ ਤੇ ਮੁਸਕ੍ਰਾਉਂਦਿਆਂ ਹੋਇਆਂ ਚਿਹਰੇ ਨੂੰ ਉਤਾਂਹ ਚੁਕਿਆ। ਉਸ ਦੀਆਂ ਅੱਖਾ ਵਿਚੋਂ ਹੰਝੂ ਵਹਿ ਰਹੇ ਸਨ। ਅਚਾਨਕ ਉਸਨੂੰ ਕਪਤਾਨ ਦੇ ਸਿਰ ਕੋਲ ਇਕ ਹੋਰ ਸਿਰ ਦਿਖਾਈ ਦਿੱਤਾ। ਹਨੇਰੇ ਵਿਚ ਇਕ ਹੱਥ ਦਾ ਝਾਉਲਾ ਜਿਹਾ ਪਿਆ, ਜਿਸ ਵਿਚ ਛੁਰਾ ਫੜਿਆ ਹੋਇਆ ਸੀ। ਇਹ ਉਹੀ ਫੀਬਸ ਦਾ ਸਾਥੀ ਸੀ ਜਿਹੜਾ ਪਤਾ ਨਹੀਂ ਕਿਵੇਂ ਬਾਹਰ ਨਿਕਲ ਆਇਆ ਸੀ, ਅਸਮਰ ਨੇ ਉਸਨੂੰ ਵੇਖਿਆ ਪਰ ਫੀਬਸ ਉਸਨੂੰ ਨਾ ਵੇਖ ਸਕਿਆ। ਟੱਪਰੀਵਾਸ ਕੁੜੀ ਦੀਆਂ ਰਗਾਂ ਵਿਚ ਚਲ ਰਿਹਾ ਖ਼ੂਨ ਜੰਮ ਗਿਆ। ਉਹ ਚੀਕ ਮਾਰਨੀ ਚਾਹੁੰਦੀ ਸੀ ਪਰ ਉਸ ਵਿਚ ਤਾਕਤ ਨਹੀਂ ਸੀ। ਉਸ ਨੇ ਹੱਥ ਦੇ ਇਸ਼ਾਰੇ ਨਾਲ ਫੀਬਸ ਨੂੰ ਦੱਸਣਾਂ ਚਾਹਿਆ ਕਿ ਕੋਈ ਖੌਫਨਾਕ ਨਜ਼ਰਾਂ ਉਸ ਨੂੰ ਘੂਰ ਰਹੀਆਂ ਹਨ ਪਰ ਉਸ ਦੇ ਹੱਥ ਵੀ ਬਰਫ ਹੋ ਚੁਕੇ ਸਨ।

ਇਕ ਵਾਰਗੀ ਉਹ ਛੁਰੇ ਵਾਲਾ ਹੱਥ ਕਪਤਾਨ ਵਲ ਵਧਿਆ। “ਲਾਹਨਤ ਏ ਤੇਰੇ ਤੇ, ਡਰਪੋਕ” ਫੀਬਸ ਨੇ ਬਸ ਇਤਨਾ ਹੀ ਕਿਹਾ ਤੇ ਫ਼ਰਸ਼ ਤੇ ਡਿਗਕੇ ਤੜਫਣ ਲਗਾ। ਅਸਮਰ ਬੇ-ਹੋਸ਼ ਹੋ ਗਈ। ਪਰ ਪੂਰੀ ਤਰ੍ਹਾਂ ਬੇ-ਹੋਸ਼ ਹੋਣ ਤੋਂ ਪਹਿਲੇ ਉਸ ਨੇ ਕਿਸੇ ਗਰਮ ਸ਼ੈ ਨੂੰ ਆਪਣੇ ਬੁਲ੍ਹਾਂ ਨਾਲ ਛਹੁੰਦਿਆਂ ਮਹਿਸੂਸ ਕੀਤਾ।

ਇਸ ਦੇ ਪਿਛੋਂ ਜਦ ਉਹ ਹੋਸ਼ ਵਿਚ ਆਈ ਤਾਂ ਉਸਨੇ ਪਹਿਰੇਦਾਰ ਸਿਪਾਹੀਆਂ ਨੂੰ ਆਪਣੇ ਆਲੇ ਦੁਆਲੇ ਖੜੋਤਾ ਵੇਖਿਆ। ਉਹ ਕਪਤਾਨ ਨੂੰ ਫ਼ਰਸ਼ ਤੋਂ ਚੁੱਕ ਰਹੇ ਸਨ ਜਿਹੜਾ ਲਹੂ ਵਿਚ ਗੜੂੰਦ ਹੋ ਰਿਹਾ ਸੀ। ਉਹ ਓਪਰਾ ਮਨੁਖ ਜਿਸ ਨੇ ਕਪਤਾਨ ਤੇ ਛੁਰੇ ਨਾਲ ਵਾਰ ਕੀਤਾ ਸੀ, ਗੁੰਮ ਸੀ। ਉਹ ਬਾਰੀ ਜਿਹੜੀ ਕਮਰੇ ਦੀ ਪਿਠ ਵਲ ਨੂੰ ਸੀ ਅਤੇ ਜਿਸ ਦਾ ਰੁਖ਼

੫੬