ਪੰਨਾ:ਟੱਪਰੀਵਾਸ ਕੁੜੀ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਹੀ ਲੋਕਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲਗ ਪਈਆਂ ਅਤੇ ਕਈਆਂ ਨੇ ਉਸ ਉਤੇ ਬੇ-ਹੂਦਾ ਆਵਾਜ਼ੇ ਵੀ ਕਸੇ ਪਰ ਓਹ ਦੁਪ ਚਾਪ ਆਪਣੇ ਖਿਆਲਾਂ ਵਿਚ ਮਗਨ ਟਿਕਟਿਕੀ ਵਲ ਵੱਧਦਾ ਜਾ ਰਿਹਾ ਸੀ। ਟਿਕਟਿਕੀ ਕੋਲ ਪੁਜਣ ਤੇ ਕੈਦੋ ਨੂੰ ਇਕ ਮੋਟੇ ਸੰਗਲ ਨਾਲ ਟਿਕਟਿਕੀ ਨਾਲ ਬੰਨ੍ਹ ਦਿਤਾ ਗਿਆ। ਲੋਕਾਂ ਨੇ ਹਾ ਹਾ - ਹੂ ਹੂ ਦੇ ਰੌਲੇ ਨਾਲ ਅਸਮਾਨ ਸਿਰ ਤੇ ਚੁਕ ਲਿਆ। ਏਨੇ ਨੂੰ ਇਕ ਬੁਢਾ ਇਕ ਪਾਸਿਓਂ ਟਿਕਟਿਕੀ ਵਲ ਵਧਿਆ ਅਤੇ ਦੋਸ਼ੀ ਤੋਂ ਥੋੜਾ ਪਰੇ ਆ ਖਲੋਤਾ। ਉਸ ਦੇ ਹੱਥ ਵਿਚ ਇਕ ਸ਼ੀਸ਼ਾ ਸੀ ਜਿਸ ਦੇ ਇਸ਼ਾਰੇ ਤੇ ਜਲਾਦ ਨੇ ਸਜ਼ਾ ਦਾ ਅਰੰਭ ਤੇ ਅੰਤ ਕਰਨਾ ਸੀ। ਇਸ ਆਦਮੀ ਦੇ ਆਉਂਦਿਆਂ ਹੀ ਭੀੜ ਵਿਚੋਂ ਉਠਦੀਆਂ ਆਵਾਜ਼ਾਂ ਚੁਪ ਹੋ ਗਈਆਂ। ਸਾਰੇ ਵਾਯੂ-ਮੰਡਲ ਵਿਚ ਮੌਤ ਵਰਗੀ ਚੁਪ ਵਰਤ ਗਈ ਅਤੇ ਲੋਕੀਂ ਬੇ-ਸਬਰੀ ਨਾਲ ਸਜ਼ਾ ਦੀ ਉਡੀਕ ਕਰਨ ਲਗ ਪਏ। ਹੁਣ ਢਿਲ ਕੇਵਲ ਏਨੀ ਹੀ ਸੀ ਕਿ ਟਿਕਟਿਕੀ ਕੋਲ ਖੜੋਤਾ ਅਫਸਰ ਸ਼ੀਸ਼ੇ ਨਾਲ ਇਸ਼ਾਰਾ ਕਰੇ ਅਤੇ ਜਲਾਦ ਆਪਣਾ ਕੰਮ ਅਰੰਭ ਦੇਣ।

ਇਕ ਵਾਰਗੀ ਹੀ ਵਾਯੂ-ਮੰਡਲ ਵਿਚ ਅਨ-ਗਿਣਤ ਲਿਟਾਂ ਵਾਲੇ ਕੋਰੜੇ ਦੀ ਸੁਨਸਨਾਹਟ ਗੂੰਜੀ। ਜਲਾਦ ਆਪਣੇ ਸਾਰੇ ਬਲ ਨਾਲ ਕੁਬੇ ਕੈਦੋ ਦੀ ਪਿਠ ਤੇ ਕੋਰੜੇ ਟਿਕਾ ਰਿਹਾ ਸੀ। ਭੀੜ ਵਿਚੋਂ ਖਿਲਖਿਲੀਆਂ ਤੇ ਤਾੜੀਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਪਰ ਨੋਟਰਡੈਮ ਦਾ ਕੁਬਾ ਦੇਓ ਬੜੇ ਧੀਰਜ ਨਾਲ ਅਡੋਲ ਖੜੋਤਾ ਸੀ ਤੇ ਉਸਦੀਆਂ ਅੱਖਾਂ ਬੰਦ ਸਨ।

“ਜ਼ਰਾ ਜ਼ੋਰ ਨਾਲ - ਇਹ ਬੋਲਾ ਕੁਬਾ ਦੇਓ ਬਹੁਤ ਤਕੜਾ ਹੈ” ਇਕ ਬੁਢੜਾ ਭੀੜ ਵਿਚੋਂ ਹੀ ਬੋਲਿਆ।

“ਕੀ ਇਸ ਨੂੰ ਖੱਸੀ ਕਰ ਰਹੇ ਹੋ?” ਇਕ ਸ਼ੋਖ਼ ਜਿਹੀ ਕੁੜੀ ਭੀੜ ਵਿਚ ਹੱਥ ਨੂੰ ਉਤਾਂਹ ਉਲਾਰਦਿਆਂ ਹੋਇਆਂ ਕਿਹਾ।

“ਹੂੰ, ਹੋਰ ਜ਼ੋਰ ਨਾਲ। ਇਸਨੇ ਸਾਡੀ ਨੀਂਦ ਹਰਾਮ ਕਰ ਰਖੀ ਸੀ।” ਇਹ ਇਕ ਬੁਢੇ ਪਾਦਰੀ ਦੀ ਆਵਾਜ਼ ਸੀ ਜਿਸ ਦਾ ਸਿਰ ਮੁਨਿਆਂ ਹੋਇਆ ਸੀ ਅਤੇ ਖਾਖਾਂ ਅੰਦਰ ਨੂੰ ਪਿਚਕੀਆਂ ਹੋਈਆਂ ਸਨ।

੩੬