ਪੰਨਾ:ਟੱਪਰੀਵਾਸ ਕੁੜੀ.pdf/139

ਇਹ ਸਫ਼ਾ ਪ੍ਰਮਾਣਿਤ ਹੈ

ਕੈਦੋ ਨੇ ਇਹ ਸਭ ਕੁਝ ਵੇਖਿਆ ਅਤੇ ਅਖ਼ੀਰ ਦੰਦੀਆਂ ਪੀਂਹਦੇ ਹੋਏ ਨੇ ਪਾਦਰੀ ਫਰਲੋ ਨੂੰ ਪਿਛੋਂ ਜ਼ੋਰ ਦੀ ਧਕਾ ਮਾਰਿਆ ਅਤੇ ਦੋ ਸੌ ਗਜ਼ ਉਚੇ ਮਨਾਰੇ ਤੋਂ ਹੇਠਾਂ ਜ਼ਮੀਨ ਤੇ ਸੁਟ ਦਿਤਾ। ਉਸ ਦੀਆਂ ਅੱਖਾਂ, ਜਿਨ੍ਹਾਂ ਵਿਚੋਂ ਛਮ ਛਮ ਹੰਝੂ ਕਿਰ ਰਹੇ ਸਨ ਇਕਸਾਰ ਗਿਰਊ ਮਹਿਲ ਦੀ ਟਿਕਟਿਕੀ ਤੇ ਲਗੀਆਂ ਹੋਈਆਂ ਸਨ। ਪਾਦਰੀ ਜ਼ਮੀਨ ਤੇ ਡਿਗਦਾ ਹੀ ਮਰ ਗਿਆ। ਕੈਦੋ ਸੂਲੀ ਵਲ ਹਥ ਕਰਕੇ ਹੌਂਕਾ ਮਾਰਦਾ ਹੋਇਆ ਕਹਿਣ ਲਗਾ, "ਔਹ ਹੈ ਹਭ ਕੁਝ, ਜਿਸ ਨੂੰ ਕਿ ਮੈਂ ਕਦੇ ਪਿਆਰ ਕੀਤਾ ਹੈ।"

ਸ਼ਾਮ ਨੂੰ ਜਦ ਸ਼ਹਿਰ ਦੇ ਪਾਦਰੀ, ਫਰਲੋ ਦੀ ਲਾਸ਼ ਨੂੰ ਦਬਣ ਲਈ ਲਿਜਾਣ ਲਗੇ ਤਾਂ ਕੁਬਾ ਕੈਦੋ ਉਥੇ ਨਹੀਂ ਸੀ। ਉਸ ਬਾਰੇ ਕਈ ਅਫ਼ਵਾਹਾਂ ਉਡੀਆਂ, ਕੋਈ ਕੁਝ ਕਹਿੰਦਾ ਸੀ ਅਤੇ ਕੋਈ ਕੁਝ।

ਗੌਰੀ ਦੀ ਮਸ਼ਹੂਰੀ ਹੁਣ ਪਹਿਲੇ ਨਾਲੋਂ ਜ਼ਿਆਦਾ ਹੋ ਗਈ ਸੀ। ਲੋਕੀਂ ਉਸਦੀ ਕਦਰ ਕਰਨ ਲਗ ਪਏ ਸਨ ਅਤੇ ਹੁਣ ਉਹ ਪਹਿਲੇ ਵਾਂਗ ਭੁਖਾਂ ਦਾ ਮਾਰਿਆ ਅਵਾਰਾ-ਗਰਦੀ ਨਹੀਂ ਸੀ ਕਰਿਆ ਕਰਦਾ। ਉਹ ਇਕ ਰੰਗੀਨ ਜੀਵਨ ਬਤੀਤ ਕਰ ਰਿਹਾ ਸੀ ਪਰ ਫੇਰ ਵੀ ਅਸਮਰ ਦੀ ਮੌਤ ਨੇ ਉਸ ਦੇ ਦਿਲ ਤੇ ਡੂੰਘਾ ਅਸਰ ਕੀਤਾ ਸੀ ਅਤੇ ਉਸ ਦਾ ਖ਼ਿਆਲ ਹਰ ਵੇਲੇ ਉਸ ਦੇ ਦਿਮਾਗ਼ ਵਿਚ ਰਹਿੰਦਾ।

ਫ਼ੀਬਸ, ਜਿਸ ਦਾ ਨਾਂ ਮਰਨ ਲਗਿਆਂ ਵੀ ਅਸਮਰ ਦੇ ਬੁਲਾਂ ਤੇ ਸੀ। ਉਸ ਨੇ ਆਪਣੀ ਚਾਚੇ ਦੀ ਧੀ, ਭੈਣ ਨਾਲ ਵਿਆਹ ਕਰਾ ਲਿਆ ਸੀ। ਅਸਮਰ ਦੀ ਮੌਤ ਦੇ ਖ਼ਿਆਲ ਨੇ ਕਦੇ ਵੀ ਉਸ ਨੂੰ ਦੁਖੀ ਨਾ ਕੀਤਾ।

੧੩੧