ਪੰਨਾ:ਟੈਗੋਰ ਕਹਾਣੀਆਂ.pdf/19

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਕਵਿਤਾ ਨੇ ਦਰਬਾਰੀਆਂ ਤੇ ਜਾਦੂ ਦਾ ਅਸਰ ਕੀਤਾ।
ਮਹਾਰਾਜ ਨੇ ਇਕ ਨਜ਼ਰ ਦਰਬਾਰੀ ਕਵੀ ਵਲ ਕੀਤੀ ਉਤ੍ਰ ਵਿਚ ਉਸਨੇ ਵੀ ਸ਼ਰਮ ਭਰੀ ਨਜ਼ਰ ਨਾਲ ਆਪਣੇ ਮਾਲਕ ਵਲ ਵੇਖਿਆ ਉਸ ਦੇ ਮੂੰਹ ਤੇ ਉਦਾਸੀ ਛਾਈ ਹੋਈ ਸੀ ਉਸਦੇ ਚੇਹਰੇ ਦਾ ਰੰਗ ਫਿਕਾ ਪਇਆ ਹੋਇਆ ਸੀ ਉਸਨੇ ਹੌਸਲਾ ਕੀਤਾ ਤੇ ਸਟੇਜ਼ ਤੇ ਆਕੇ ਖਲੋ ਗਿਆ ਤੇ ਆਪਨੀ ਕਵਿਤਾ ਪੜ੍ਹਨ ਲੱਗਾ ਅੱਜ ਉਸ ਦੀ ਅਵਾਜ਼ ਮੱਧਮ ਸੀ ਸ਼ੁਰੂ ਦੇ ਬੰਦ ਮੁਸ਼ਕਲ ਨਾਲ ਸੁਨਾਈ ਦਿੰਦੇ ਪਰ ਹੌਲੀ ਹੌਲੀ ਉਸਦਾ ਗਲਾ ਸਾਫ ਹੋ ਗਿਆ ਤੇ ਅਵਾਜ਼ ਉੱਚੀ ਹੋ ਗਈ ਓਹ ਬੱਦਲ ਵਾਂਗ ਗੱਜਨ ਲੱਗਾ ਉਸਦੇ ਚੇਹਰੇ ਉਤੇ ਲਾਲੀ ਚੜ੍ਹ ਗਈ ਹੁਣ ਉਸ ਦੇ ਮੂੰਹ ਤੇ ਜਲਾਲ ਸੀ, ਅਖਾਂ ਵਿਚ ਨਸ਼ਾ, ਕਵਿਤਾ ਵਿਚ ਸ਼ਾਹੀ ਘਰਾਣੇ ਦੇ ਕੰਮਾ ਦਾ ਜ਼ਿਕਰ ਸੀ, ਉਸ ਨੇ ਉਸਤੱਤ ਕਰਦੇ ਕਰਦੇ ਜ਼ਮੀਨ ਅਤੇ ਅਸਮਾਨ ਇਕ ਕਰ ਦਿਤਾ ਉਸ ਦੀਆਂ ਨਜ਼ਰਾਂ ਮਹਾਰਾਜ ਦੇ ਮੂੰਹ ਤੇ ਟਿਕ ਗਈਆਂ ਸਨ ਸਾਰੇ ਸ਼ਾਹੀ ਘਰਾਣੇ ਦੇ ਅੰਗਾਂ ਵਿਚ ਆਪਣੇ ਵਡਿਆਂ ਦੀ ਬਹਾਦਰੀ ਦਾ ਜ਼ਿਕਰ ਸੁਣ ਸੁਣਕੇ ਖੂਨ ਉਬਾਲੇ ਮਾਰਨ ਲੱਗ ਪਿਆ।
ਕਵਿਤਾ ਖਤਮ ਹੋਈ, ਕਵੀ ਨੇ ਹੱਥ ਜੋੜਕੇ ਬੇਨਤੀ ਕੀਤੀ।
ਮਹਾਰਾਜ! "ਮੈਂ ਦੁਨੀਆਂ ਦੇ ਮਕਰ ਫਰੇਬ ਅਤੇ ਅੱਖਰਾਂ ਦੇ ਹੇਰ ਫੇਰ ਤੋਂ ਬਿਲਕੁਲ ਅਨਜਾਨ ਹਾਂ ਪਤਾ ਨਹੀਂ ਮੈਂ ਹਾਰ ਜਾਵਾਂ ਪਰ ਤੁਹਾਡੇ ਪਿਆਰ ਵਿਚ ਹਾਰ ਨਹੀਂ ਸਕਦਾ।"
ਕੰਵਲ, ਆਪਣੀ ਥਾਂ ਤੇ ਬੈਠ ਗਿਆ, ਸੁਨਣ ਵਾਲਿਆਂ ਦੀਆਂ ਅਖਾਂ ਗਿਲੀਆਂ ਹੋ ਗਈਆਂ, ਸ਼ਾਹੀ ਮਹਿਲਾਂ ਦੀਆਂ ਕੰਧਾ ਮਹਾਰਾਜ ਦੀ ਜੈ ਜੈ ਦੇ ਨਾਹਰਿਆਂ ਨਾਲ ਗੂੰਜ ਉਠੀਆਂ ਮਹਾਰਾਜ ਆਪ ਵੀ ਅਜੇ ਤੱਕ ਖੁਸ਼ੀ ਨਾਲ ਝੂਮ ਰਹੇ ਸਨ।

-੧੯-