ਪੰਨਾ:ਟੈਗੋਰ ਕਹਾਣੀਆਂ.pdf/14

ਇਹ ਸਫ਼ਾ ਪ੍ਰਮਾਣਿਤ ਹੈ

ਅਸਲ ਜਿਤ



ਅਮੀਰ ਪੁਰ ਦੇ ਮਹਾਰਾਜੇ ਦੀ ਰਾਜ ਕੁਮਾਰੀ ਦਾ ਨਾਂ ਅੰਜਨਾਂ ਸੀ, ਅਤੇ ਉਨ੍ਹਾਂ ਦੇ ਦਰਬਾਰੀ ਕਵੀ ਦਾ ਨਾਮ ਕੰਵਲ ਸੀ, ਉਹ ਜੁਆਨ ਸੀ, ਸੋਹਣਾ ਸੀ, ਉਹਦੀਆਂ ਮਸਤਾਨੀਆਂ ਅੱਖਾਂ ਰੰਗ ਗੋਰਾ, ਸਰੀਰ ਸੁਡੌਲ, ਤੇ ਉਸਦਾ ਮੁਖੜਾ ਨੂਰ ਭਰਿਆ ਸੀ,ਰਾਜ ਕੁਮਾਰੀ ਉਸਦੀ ਸ਼ਕਲ ਨੂੰ ਨਹੀਂ ਜਾਣ ਦੀ ਸੀ, ਅਤੇ ਉਸਦੀ ਅਵਾਜ਼ ਸੀ,ਚੰਗੀ ਤਰ੍ਹਾਂ ਜਾਣੂੰ ਸੀ, ਉਹ ਜਦੋਂ ਵੀ ਆਪਣੇ ਖਿਆਲਾਂ ਨਾਲ ਭਰੀ ਹੋਈ ਕੋਈ ਕਵਿਤਾ ਲਿਖ ਕੇ ਮਹਾਰਾਜ ਦੇ ਸਾਹਮਣੇ ਪੜ੍ਹਦਾ ਸੀ, ਤਾਂ ਉਸ ਦੀ ਅਵਾਜ਼ ਐਨੀ ਉਚੀ ਹੁੰਦੀ ਕਿ ਉਹ ਮੱਹਲ ਦੀਆਂ ਕੰਧਾਂ ਨਾਲ ਟਕਰਾ ਕੇ ਇਕ ਅਜੀਬ ਅਵਾਜ਼ ਪੈਦਾ ਕਰਦੀ ਸੀ, ਉਸ ਦੀ ਦਿਲ ਖਿਚਵੀਂ ਆਵਾਜ਼ ਰਾਜ ਕੁਮਾਰੀ ਦੇ ਕੰਨਾਂ ਰਸਤੇ ਦਿਲ ਵਿਚ ਜਾਂਦੀ, ਕੰਵਲ ਨੂੰ ਤਖਤ ਦੇ ਪਿਛੇ ਪੜ੍ਹਦੇ ਅੰਦਰ ਕੋਈ ਖਿਆਲੀ ਤਸਵੀਰ ਹਿਲਦੀ ਹੋਈ ਦਿਸਦੀ, ਅਤੇ ਸੋਨੇ ਦੇ ਗਹਿਣਿਆਂ ਦੀ ਛਨ ਛਨ ਸੁਣਾਈ ਦੇਂਦੀ, ਉਸ ਵੇਲੇ ਉਹ ਕਿਸੇ ਹੋਰ ਨਵੀਂ ਦੁਨੀਆਂ ਵਿਚ ਪਹੁੰਚ ਜਾਂਦਾ, ਉਸਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਕਿਸੇ ਦੇ ਨਰਮ ਅਤੇ ਸੋਹਲ ਪੈਰ ਬਹੁਤ ਹੌਲੀ ਹੌਲੀ ਉਸ ਵਲ ਵਧ ਰਹੇ ਹਨ।

-੧੪-