ਪੰਨਾ:ਟੈਗੋਰ ਕਹਾਣੀਆਂ.pdf/10

ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਹੁਣ ਮੁੰਡਿਆਂ ਨੂੰ ਪੜ੍ਹਨ ਤੋਂ ਦਿਲ ਚੁਕਿਆ ਗਿਆ ਸੀ ਜੋ ਜ਼ਖਮ ਭਰ ਚੁੱਕਾ ਸੀ ਓਹ ਫੁਲ ਗਿਆ ਅਤੇ ਹੁਣ ਇਸ ਦੀ ਪੀੜ ਹਟਣ ਦਾ ਨਾਂ ਨਹੀਂ ਸੀ ਲੈਂਦੀ ਕਲੇਜਾ ਉਛਲਨ ਲਗਾ ਦਿਲ ਡੁੱਬਦਾ ਮਹਿਸੂਸ ਹੁੰਦਾ ਕਦੀ ਇਸ ਤਰ੍ਹਾਂ ਮਲੂਮ ਹੁੰਦਾ ਜਿਸ ਤਰ੍ਹਾਂ ਲਖਾਂ ਮਨ ਭਾਰ ਦਿਲ ਤੇ ਰਖ ਇਤਾ ਹੈ ਇਸ ਗਲ ਦਾ ਅੰਦਾਜ਼ਾ ਚੰਗੀ ਤਰ੍ਹਾਂ ਓਹ ਹੀ ਲਗਾ ਸਕਦੇ ਹਨ ਜਿਨ੍ਹਾਂ ਉਤੇ ਕਦੀ ਇਹ ਦਿਨ ਆਏ ਹਨ, ਸ਼ਾਮ ਨੂੰ ਘਾਟ ਤੇ ਬੈਠਕੇ ਇਸ ਖਿਆਲ ਨੂੰ ਇਕ ਜਗ੍ਹਾਂ ਰਖ ਕੇ ਮੈਂ ਸੋਚਨ ਲਗ ਪੈਂਦਾ।
ਇਹ ਗਲ ਕਿਓਂ ਹੋਈ? ਮੈਂ ਉਸ ਨੂੰ ਆਪਣੀ ਮਰਜ਼ੀ ਨਾਲ ਛਡਿਆ ਸੀ ਜੇ ਮੈਂ ਚਾਹੁੰਦਾ ਤਾਂ ਝਟ ਪਟ ਉਸ ਨੂੰ ਹਮੇਸ਼ਾਂ ਲਈ ਪਾ ਸਕਦਾ ਸਾਂ ਪਰ ਹੁਣ ਬਹੁਤ ਜਤਨ ਕਰਨ ਨਾਲ ਉਸ ਵਲ ਅੱਖ ਉੱਚੀ ਕਰਕੇ ਵੀ ਨਹੀਂ ਵੇਖ ਸਕਦਾ, ਸ਼ਾਮਾ ਮੇਰੇ ਕੋਲ ਹੁੰਦਿਆਂ ਵੀ ਕਿੰਨੀ ਦੂਰ ਹੈ, ਚੂੜੀਆਂ ਦੀ ਛਨਕ ਜਾਦੂ ਭਰੀਆਂ ਅੱਖਾਂ, ਉਸਦੇ ਅਤੇ ਮੇਰੇ ਵਿਚ ਇਕ ਭਾਰਾ ਸਮੁੰਦ੍ਰ ਹੈ ਜਿਸਨੂੰ ਹਟਾਉਨਾ ਕਠਨ ਹੈ। ਪਰ ਮੈਨੂੰ ਕੀ? ਸ਼ਾਮਾ ਮੇਰੀ ਹੈ ਕੌਣ? ਅਜ ਓਹ ਕੁਝ ਨਹੀਂ ਪਰ ਕਦੀ ਸਭ ਕੁਝ ਸੀ। ਸਭ ਕੁਝ ਹੋ ਸਕਦਾ ਸੀ, ਪਰ ਅਜ ਉਸ ਵਲ ਵੇਖਣਾ ਵੀ ਪਾਪ ਹੈ। ਗਲ ਕਰਨੀ ਜ਼ਹਿਰ ਦੇ ਤੁਲ ਹੈ ਇਸ ਦਾ ਖਿਆਲ ਵੀ ਦਿਮਾਗ ਵਿਚ ਲਿਆਉਣਾ ਗਲਤੀ ਹੈ, ਸੁੰਦ੍ਰ ਲਾਲ, ਜਿਸਨੂੰ ਓਹ ਜਾਨਦੀ ਨਹੀਂ ਸੀ, ਉਸਦਾ ਪਤੀ ਬਨ ਗਿਆ। ਕੁਲ ਦੋ ਚਾਰ ਮੰਤ੍ਰ ਕਰਕੇ ਸਾਰੀ ਜ਼ਿੰਦਗੀ ਦੇ ਲਈ ਉਸ ਨੂੰ ਸ਼ਾਮਾ ਮਿਲ ਗਈ ਹੈ।
ਮੈਂ ਮਨੁੱਖੀ ਅਕਲ ਵਿਚ ਨਵੀਂ ਚੀਜ਼ ਨਹੀਂ ਪਾਉਨੀ ਚਾਹੁੰਦਾ, ਸਭਾ ਦੇ ਤਰੀਕਿਆਂ ਨੂੰ ਬਦਲਨਾ ਨਹੀਂ ਚਾਹੁੰਦਾ, ਮੈਂ ਤਾਂ ਆਪਨੇ ਦਿਲ ਦਾ ਅਸਲੀ ਭੇਦ ਦਸਦਾ ਹਾਂ ਦਿਲ ਵਿਚ ਜਿਹੜੇ ਖਿਆਲ ਪੈਦਾ ਹੁੰਦੇ ਹਨ

-੧੦-