ਪੰਨਾ:ਟੈਕਸੀਨਾਮਾ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਮਤ 300,000 ਤੱਕ ਪਹੁੰਚ ਗਈ ਹੈ। ਆਮ ਤੌਰ 'ਤੇ ਇੱਕ ਟੈਕਸੀ ਦੇ ਦੋ ਮਾਲਕ ਹੁੰਦੇ ਹਨ; ਇੱਕ ਕੋਲ ਦਿਨ ਦਾ ਹਿੱਸਾ ਹੁੰਦਾ ਹੈ ਤੇ ਦੂਜੇ ਕੋਲ ਰਾਤ ਦਾ। ਕਈਆਂ ਕੋਲ ਪੂਰੀ ਟੈਕਸੀ ਜਾਂ ਇੱਕ ਤੋਂ ਵੱਧ ਟੈਕਸੀਆਂ ਵੀ ਹੁੰਦੀਆਂ ਹਨ। ਅੰਦਾਜ਼ਨ 80-85% ਸ਼ੇਅਰਾਂ ਦੇ ਮਾਲਕ ਆਪ ਇੱਕ ਸ਼ਿਫਟ ਟੈਕਸੀ ਚਲਾਉਂਦੇ ਹਨ। ਜਿਨ੍ਹਾਂ ਕੋਲ ਆਪਣਾ ਸ਼ੇਅਰ ਨਹੀਂ ਹੁੰਦਾ, ਉਹ ਕਮਿਸ਼ਨ ਜਾਂ ਲੀਜ਼ 'ਤੇ ਟੈਕਸੀ ਚਲਾਉਂਦੇ ਹਨ। ਲੀਜ਼ ਅਤੇ ਕਮਿਸ਼ਨ ਦਾ ਰੇਟ ਵੱਖ-ਵੱਖ ਕੰਪਨੀਆਂ ਦਾ ਵੱਖਰੋ-ਵੱਖਰਾ ਹੁੰਦਾ ਹੈ। ਜਿਵੇਂ ਵੈਨਕੂਵਰ ਦੀ ਯੈਲੋ ਕੈਬ ਵਿੱਚ ਮੀਟਰ ’ਤੇ ਚੱਲੀ ਕਮਾਈ ਨੂੰ ਡਰਾਈਵਰ ਅਤੇ ਮਾਲਕ ਅੱਧੋ-ਅੱਧ ਵੰਡ ਲੈਂਦੇ ਹਨ। ਲੀਜ਼ ਦੀ ਕੀਮਤ 1500 ਤੋਂ 2000 ਡਾਲਰ ਤੱਕ ਪ੍ਰਤੀ ਸ਼ਿਫਟ ਪ੍ਰਤੀ ਮਹੀਨਾ ਹੁੰਦੀ ਹੈ। ਇਸ ਤੋਂ ਇਲਾਵਾ ਗੈਸ, ਬੀਮਾ, ਕਾਰ ਦੀ ਮੁਰੰਮਤ ਅਤੇ ਡਿਸਪੈਚ ਫੀਸ ਵੀ ਡਰਾਈਵਰ ਹੀ ਦਿੰਦਾ ਹੈ। ਇਹ ਖਰਚ ਤਕਰੀਬਨ 1950 ਡਾਲਰ ਪ੍ਰਤੀ ਸ਼ਿਫਟ ਹਰ ਮਹੀਨਾ ਹੁੰਦਾ ਹੈ। ਜੇ ਕਿਸੇ ਟੈਕਸੀ ਕੋਲ ਏਅਰਪੋਰਟ ਦੀ ਪਲੇਟ ਹੈ ਤਾਂ ਉਸ ਨੂੰ ਤਕਰੀਬਨ 150 ਡਾਲਰ ਪ੍ਰਤੀ ਸ਼ਿਫਟ ਹਰ ਮਹੀਨੇ ਏਅਰਪੋਰਟ ਫੀਸ ਦੇਣੀ ਪੈਂਦੀ ਹੈ। ਏਅਰਪੋਰਟ ਤੋਂ ਸਵਾਰੀ ਚੁੱਕਣ ਲਈ ਟੈਕਸੀ ਕੋਲ ਏਅਰਪੋਰਟ ਦੀ ਪਲੇਟ ਅਤੇ ਡਰਾਈਵਰ ਕੋਲ ਏਅਰਪੋਰਟ ਦਾ ਲਾਈਸੈਂਸ ਹੋਣਾ ਜ਼ਰੂਰੀ ਹੈ। ਸਾਲ 1968 ਤੋਂ 1980 ਤੱਕ ਸਿਰਫ ਮੈਕਲੋਅਰਸ ਕੈਬ ਟੈਕਸੀ ਕੰਪਨੀ ਦੀਆਂ ਟੈਕਸੀਆਂ ਹੀ ਏਅਰਪੋਰਟ ਤੋਂ ਸਵਾਰੀ ਚੁੱਕ ਸਕਦੀਆਂ ਸਨ। ਅੱਜ ਮੈਟਰੋ ਵੈਨਕੂਵਰ ਦੀਆਂ ਸੋਲਾਂ ਟੈਕਸੀ ਕੰਪਨੀਆਂ ਏਅਰਪੋਰਟ ਤੋਂ ਸਵਾਰੀ ਚੁੱਕ ਸਕਦੀਆਂ ਹਨ। ਇਨ੍ਹਾਂ ਸੋਲ੍ਹਾਂ ਟੈਕਸੀ ਕੰਪਨੀਆਂ ਦੀਆਂ ਵੀ ਸਾਰੀਆਂ ਟੈਕਸੀਆਂ ਏਅਰਪੋਰਟ ਤੋਂ ਸਵਾਰੀ ਨਹੀਂ ਚੁੱਕ ਸਕਦੀਆਂ, ਸਿਰਫ਼ ਉਹੀ ਚੁੱਕ ਸਕਦੀਆਂ ਹਨ, ਜਿਨ੍ਹਾਂ ਕੋਲ ਏਅਰਪੋਰਟ ਦੀ ਪਲੇਟ ਹੋਵੇ। ਇਨ੍ਹਾਂ ਪਲੇਟਾਂ ਦੀ ਗਿਣਤੀ ਸਾਲ 1999 ਵਿੱਚ 386 ਸੀ ਅਤੇ ਸਾਲ 2010 ਵਿੱਚ ਇਹ ਗਿਣਤੀ 525 ਹੋ ਗਈ। ਸਾਲ 2009 ਵਿੱਚ ਏਅਰਪੋਰਟ ਸ਼ਹਿਰ ਨਾਲ ਜੋੜਣ ਲਈ ਰੇਲ ਦੇ ਚੱਲਣ ਨਾਲ ਏਅਰਪੋਰਟ ਦੀਆਂ ਟੈਕਸੀਆਂ ਦੇ ਕੰਮ 'ਤੇ ਚੋਖਾ ਅਸਰ ਪਿਆ ਹੈ। ਉਨ੍ਹਾਂ ਦੀ ਉਡੀਕ ਦਾ ਸਮਾਂ ਵਧ ਗਿਆ ਹੈ ਅਤੇ ਗੇੜਿਆਂ ਦੀ ਗਿਣਤੀ ਘਟ ਗਈ ਹੈ। ਏਅਰਪੋਰਟ ਦੀਆਂ ਟੈਕਸੀਆਂ ਦੀ ਗਿਣਤੀ ਨੂੰ ਗਰਾਉਂਡ ਟਰਾਂਸਪੋਰਟੇਸ਼ਨ ਬੋਰਡ ਹੀ ਏਅਰਪੋਰਟ ਦੇ ਟੈਕਸੀ ਵਿਭਾਗ ਦੀ ਸਹਾਇਤਾ ਨਾਲ ਕੰਟਰੋਲ ਕਰਦਾ ਹੈ।

ਮਹਿੰਗਾਈ ਦੇ ਵਧਣ ਦੇ ਨਾਲ ਟੈਕਸੀਆਂ ਦੇ ਕਿਰਾਏ ਵੀ ਵਧਦੇ ਰਹਿੰਦੇ ਹਨ। ਇਹ ਵਾਧਾ ਗਰਾਊਂਡ ਟਰਾਂਸਪੋਰਟੇਸ਼ਨ ਬੋਰਡ ਦੀ ਮਨਜੂਰੀ ਨਾਲ ਹੀ ਹੁੰਦਾ ਹੈ। ਨਵੇਂ ਭਾਅ ਅਨੁਸਾਰ ਮੀਟਰ ਸੈੱਟ ਕਰਕੇ ਸੀਲਬੰਦ ਕੀਤੇ ਜਾਂਦੇ ਹਨ। ਅਕਤੂਬਰ 1951 ਵਿੱਚ ਟੈਕਸੀ ਦਾ ਮੀਟਰ 45 ਸੈਂਟ ਤੋਂ ਸ਼ੁਰੂ ਹੁੰਦਾ ਸੀ। ਉਡੀਕ ਦਾ ਸਮਾਂ 3 ਡਾਲਰ ਪ੍ਰਤੀ ਘੰਟਾ ਹੁੰਦਾ ਸੀ। ਸਾਲ 1996 ਤੱਕ ਉਡੀਕ ਦਾ ਕਿਰਾਇਆ ਵਧ ਕੇ 21 ਡਾਲਰ ਪ੍ਰਤੀ ਘੰਟਾ ਹੋ ਗਿਆ। ਮੀਟਰ 2 ਡਾਲਰ 10 ਸੈਂਟ ਤੋਂ ਸ਼ੁਰੂ ਹੁੰਦਾ

ਟੈਕਸੀਨਾਮਾ/99