ਪੰਨਾ:ਟੈਕਸੀਨਾਮਾ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ। ਕਿੱਥੋਂ ਦੇਈਏ? ਨਾ ਸਾਨੂੰ ਕੰਮ ਦੀ ਪੈਨਸ਼ਨ ਮਿਲਣੀ ਆ। ਮੇਰਾ ਅਕਾਊਂਟੈਂਟ ਕਹਿੰਦਾ ਅਖੇ ਤੁਸੀਂ ਪੂਰਾ ਟੈਕਸ ਨੀ ਕਟਾਉਂਦੇ ਥੋਨੂੰ ਪੈਨਸ਼ਨ ਕਿਵੇਂ ਲੱਗੂ। ਮੈਂ ਓਹਨੂੰ ਪੁੱਛਿਆ ਬਈ ਅੱਠਾਂ ਘੰਟਿਆਂ ਬਾਅਦ ਥੋਨੂੰ ਕਿੰਨੇ ਗੁਣਾ ਮਿਲਦੇ ਆ, ਕਹਿੰਦਾ ਡੂਢ ਗੁਣਾ। ਮੈਂ ਪੁੱਛਿਆ ਬਈ ਦਸਾਂ ਬਾਅਦ, ਕਹਿੰਦਾ ਦੁਗਣੇ। ਕਿਹਾ, ਸਾਡੇ ਜਦੋਂ ਦਸ ਘੰਟੇ ਪੂਰੇ ਹੁੰਦੇ ਆ ਫੇਰ 'ਨ੍ਹੇਰਾ ਹੋ ਜਾਂਦੈ ਤੇ ਸਾਨੂੰ ਮਿਲਦੀਐਂ ਗਾਲ੍ਹਾਂ ਜਾਂ ਕਈ ਆਰੀ ਹੂਰੇ। ਕਿੱਥੋਂ ਟੈਕਸ ਕਟਾਈਏ। ਤਿੰਨ ਮੀਨ੍ਹੇ ਮੰਜੇ 'ਤੇ ਪਿਆ ਰਿਹੈਂ। ਅਗਲੇ ਹੱਡ ਭੰਨਗੇ ਨਾਲੇ ਜੇਬ 'ਚੋਂ ਕੱਢਲੈਗੇ ਸਾਰਾ ਕੁਛ।”

“ਕਮਾਲ ਦਾ ਬੰਦੈਂ ਯਾਰ ਤੂੰ। ਅਗਲੀਆਂ ਜਨਰੇਸ਼ਨਾਂ ਤਾਂ ਸਾਡੇ ਬਾਰੇ ਤਾਂ ਜਾਨਣਗੀਆਂ ਜੇ ਪੰਜਾਬੀ ਪੜ੍ਹਣਗੀਆਂ। ਨਾ ਓਨਾਂ ਨੇ ਤੇਰੀ ਇਹ ਪੰਜਾਬੀ ਪੜ੍ਹਣੀ ਐ ਤੇ ਨਾ ਟੈਕਸੀ ਚਲਾਉਣੀ ਆ। ਕਿਓਂ ਚਲਾਉਣ ਬਈ ਉਹ। ਸਾਨੂੰ ਸੁੱਖਿਐ ਬਈ ਅਸੀਂ ਦੁਨੀਆਂ ਨੂੰ ਢੋਂਦੇ ਫਿਰੀਏ। ਸਾਡੀ ਤਾਂ ਮਜਬੂਰੀ ਐ। ਪਹਿਲੀ ਜਨਰੇਸ਼ਨ ਨੂੰ ਤਾਂ ਹੱਡ ਭੰਨਾਉਣੇ ਈ ਪੈਂਦੇ ਆ। ਹੁਣ ਸਾਲੀ ਆਦਤ ਬਣਗੀ। ਮੇਰਾ ਮੁੰਡਾ ਐ। ਓਦੋਂ ਪੜ੍ਹਦਾ ਹੁੰਦਾ ਸੀ। ਮੈਂ ਓਹਨੂੰ ਕਹਿਣਾ ਬਈ ਘਰੇ ਖੜ੍ਹੀ ਐ ਮੇਰੇ ਸੁੱਤੇ ਸੁੱਤੇ ਆਵਦੀ ਜੇਬ ਖਰਚ ਜੋਗੇ ਬਣਾ ਲਿਆ। ਸ਼ੋਫਰ ਪਰਮਟ ਵੀ ਲੈ ਆਇਆ। ਇਕ ਦਿਨ ਲੈ ਵੀ ਗਿਆ। ਦੂਏ ਦਿਨ ਨੀ ਗਿਆ। ਕਹਿੰਦਾ ਵਰਥ ਈ ਨੀ ਕਰਦੀ। ਅਸੀਂ ਮਰਜਾਂਗੇ ਤਾਂ ਏਨ੍ਹਾਂ ਮੈਕਸੀਕੇ ਸੱਦ ਲੈਣੇ ਆ ਟੈਕਸੀਆਂ ਚਲਾਉਣ ਨੂੰ। ਗੋਰੇ ਕਿਓਂ ਨੀਂ ਚਲਾਉਂਦੇ। ਪਤਾ ਬਈ ਵਰਥ ਨੀ ਕਰਦੀ। ਐਨੇ ਘੰਟੇ ਕੌਣ ਬਹਿ ਸਕਦੈ ਚਿੱਤੜਾਂ ’ਤੇ।”

“ਸਾਡੀਆਂ ਸਮੱਸਿਆਵਾਂ ਕੀ ਦੱਸੇਂਗਾ ਯਾਰ ਤੂੰ ਲੋਕਾਂ ਨੂੰ। ਤੇਰਾ ਖਿਆਲ ਐ ਗੌਰਮਿੰਟਾਂ ਨੂੰ ਪਤਾ ਨੀ ਕੁਛ। ਸਭ ਪਤਾ ਐ ਓਨ੍ਹਾਂ ਨੂੰ ਪਰ ਫੇਰ ਵੀ ਰਗੜੇ 'ਤੇ ਰਗੜਾ ਚਾੜ੍ਹੀ ਜਾਂਦੇ ਆ। ਸ਼ੋਫਰ ਪਰਮਟ ਪਹਿਲਾਂ ਫਰੀ ਰਨਿਊ ਕਰਦੇ ਸੀ। ਹੁਣ ਸੱਠ ਡਾਲੇ ਲੈਣ ਲੱਗਗੇ ਅਖੇ ਪੁਲਸ ਰਪੋਰਟ ਲਿਆਓ ਹਰ ਸਾਲ। ਏਅਰ ਪੋਰਟ ਆਲੇ ਤਾਂ ਹਰੇਕ ਸਾਲ ਫੀਸ ਚੁੱਕ ਦਿੰਦੇ। ਆਈ ਸੀ ਬੀ ਸੀ ਆਲੇ ਤਾਂ ਇੰਨਸ਼ੋਰੈਂਸ ਆਏ ਸਾਲ ਵਧਾ ਦਿੰਦੇ ਐ। ਗੈਸ 'ਸਮਾਨੀ ਜਾ ਚੜ੍ਹੀ ਐ। ਇਕ ਸਾਕ ਦੇਣਿਆਂ ਨੇ ਸਕਾਈ ਟ੍ਰੇਨ ਲਾਤੀ ਆਹ ਨਵੀਂ ਏਅਰਪੋਰਟ ਨੂੰ। ਤੇਰੀ ਕਿਤਾਬ ਨੇ ਕੁਛ ਸਵਾਰਨਾ ਕਿਸੇ ਦਾ। ਵਾਰੀ ਮੇਰੀ ਆਗੀ ਐ ਟਰਮੀਨਲ ’ਤੇ ਜਾਣਦੀ। ਹਾਲੇ ਓਥੇ ਪਤਾ ਨੀ ਕਿੰਨਾਂ ਚਿਰ ਹੋਰ ’ਡੀਕਣਾ ਪਵੇ। ਓਥੋਂ ਕਿਹੜਾ ਸਵਾਰੀ ਨੇ ਜਾਣ ਸਾਰ ਜਾਣੈ। ਹਵਾ ਆਉਣ ਦੇ ਹੁਣ ਨਹੀਂ ਤਾਂ ਮੈਨੂੰ ਤੁਰਦਾ ਨ ਦੇਖ ਪਿਛਲੀਆਂ ਟੈਕਸੀਆਂ ਨ ਮੂਹਰੇ ਜਾ ਲਗਣੈ। ਇੰਟਰਵੂਅ ਦਾ ਖਹਿੜਾ ਛੱਡ ਤੇ ਕੰਮ ਕਰ ਜਾ ਕੇ ਆਵਦਾ ਨਾਲੇ ਸਾਨੂੰ ਕਰਨ ਦੇ।”94/ਟੈਕਸੀਨਾਮਾ