ਪੰਨਾ:ਟੈਕਸੀਨਾਮਾ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

`ਚ ਟੈਕਸੀ ਦਾ ਮਿਆਰ ਚੰਗਾ ਸੀ। ਜਦੋਂ ਕੋਈ ਅਨੁਸ਼ਾਸਨ ਭੰਗ ਕਰਦਾ ਸੀ ਤਾਂ ਉਸ ਨੂੰ ਜੁਰਮਾਨਾ ਹੁੰਦਾ ਸੀ ਜਾਂ ਕੰਪਨੀ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਹੌਲੀ ਹੌਲੀ ਮੁੱਢਲੇ ਮਿਆਰ ਵੀ ਖਤਮ ਹੋ ਗਏ। ਫਿਰ ਸਮਾਂ ਆਇਆ ਕਿ ਕੋਈ ਵੀ ਆ ਕੇ ਟੈਕਸੀ ਚਲਾਉਣ ਲੱਗ ਪੈਂਦਾ। ਪਹਿਲਾ ਧੱਕਾ ਤਾਂ ਇਹ ਉਸ ਡਰਾਈਵਰ ਨਾਲ ਹੀ ਸੀ ਜਿਸ ਨੂੰ ਕਿਸੇ ਅਸੂਲ ਦਾ ਪਤਾ ਨਹੀਂ ਕੋਈ ਸਿਖਲਾਈ ਨਹੀਂ ਤੇ ਟੈਕਸੀ ਮਾਲਕ ਉਸ ਨੂੰ ਟੈਕਸੀ ਚਲਾਉਣ ਲਈ ਭੇਜ ਦਿੰਦੇ। ਫਿਰ ਲੋਕਾਂ ਨਾਲ ਧੱਕਾ ਜਿਨ੍ਹਾਂ ਨੇ ਪੈਸੇ ਖਰਚ ਕੇ ਕਿਸੇ ਥਾਂ ਤੇ ਜਾਣਾ ਹੋਵੇ ਤੇ ਡਰਾਈਵਰ ਨੂੰ ਰਾਹ ਦਾ ਹੀ ਪਤਾ ਨਾ ਹੋਵੇ ਜਾਂ ਉਸ ਨੂੰ ਇਹ ਹੀ ਪਤਾ ਨਾ ਹੋਵੇ ਕਿ ਲੋਕਾਂ ਨਾਲ ਕਿਵੇਂ ਵਿਹਾਰ ਕਰਨਾ ਹੈ ਜਾਂ ਉਸ ਨੂੰ ਅੰਗ੍ਰੇਜ਼ੀ ਦੀ ਮੁੱਢਲੀ ਜਾਣਕਾਰੀ ਵੀ ਨਾ ਹੁੰਦੀ। ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਪਰ ਟੈਕਸੀ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਕੋਈ ਕਦਮ ਚੁੱਕਣਾ ਜ਼ਰੂਰੀ ਸੀ।(ਉਹ ਟੇਪ ਬੰਦ ਕਰਨ ਦਾ ਇਸ਼ਾਰਾ ਕਰਦਾ ਹੈ। ਫਿਰ ਆਵਾਜ਼ ਨੂੰ ਹੌਲੀ ਕਰਕੇ ਆਖਦਾ ਹੈ: ਮੈਂ ਨਹੀਂ ਚਾਹੁੰਦਾ ਕਿ ਮੇਰੀ ਕਿਸੇ ਗੱਲ ਨਾਲ ਕੋਈ ਵਾਵੇਲਾ ਖੜ੍ਹਾ ਹੋਵੇ। ਪਰ ਅਸਲ ਗੱਲ ਇਹ ਹੈ ਕਿ ਟੈਕਸੀ ਸਨਅਤ ਵਿਚ ਰਾਜਨੀਤੀ ਬਹੁਤ ਹੈ। ਮੰਨ ਲਵੋ ਕਿ ਕਿਸੇ ਕੰਪਨੀ ਦਾ ਅਸੂਲ ਹੈ ਕਿ ਕਿਸੇ ਵੀ ਬੰਦੇ ਨੂੰ ਟੈਕਸੀ ਡਰਾਈਵਰ ਨਹੀਂ ਰੱਖਣਾ, ਜਿੰਨਾ ਚਿਰ ਉਸ ਨੂੰ ਵੈਨਕੂਵਰ ਵਿਚ ਰਹਿੰਦਿਆਂ ਦੋ ਸਾਲ ਨਾ ਹੋ ਗਏ ਹੋਣ। ਕੋਈ ਹਿੱਸੇਦਾਰ ਮੈਨੇਜਰ ਕੋਲ ਜਾ ਕੇ ਆਖੇਗਾ ਕਿ ਕੋਈ ਗੱਲ ਨੀਂ ਕਿਸੇ ਨੂੰ ਨੀ ਪਤਾ ਲੱਗਦਾ ਮੇਰੇ ਰਿਸ਼ਤੇਦਾਰ ਨੂੰ ਰੱਖ ਲਵੋ ਉਹ ਕੱਲ੍ਹ ਹੀ ਇੰਡੀਆ ਤੋਂ ਆਇਆ ਹੈ। ਫਿਰ ਉਹ ਆਪਣੀ ਗੱਲ ਮਨਵਾਉਣ ਲਈ ਹਿੱਸੇਦਾਰ ਹੋਣ ਦਾ ਰੋਅਬ ਪਾਵੇਗਾ।)

ਮੇਰੇ ਖਿਆਲ ਵਿਚ ਇਸ ਸਨਅਤ ਨੂੰ ਆਪਣਾ ਪੱਧਰ ਹੋਰ ਉੱਪਰ ਲਿਜਾਣਾ ਚਾਹੀਦਾ ਹੈ। ਜਿਵੇਂ ਲੰਡਨ ਦੀ ਟੈਕਸੀ ਸਨਅਤ ਹੈ। ਵੈਨਕੂਵਰ ਦੀ ਇਸ ਸਨਅਤ ਨੇ ਬਹੁਤ ਲੰਮੇ ਸਮੇਂ ਤੋਂ ਇਸ ਮੋਨਾਪਲੀ ਦਾ ਫਾਇਦਾ ਉਠਾਇਆ ਹੈ। ਇਸ ਸਨਅਤ ਵਿਚ ਕੋਈ ਮੁਕਾਬਲਾ ਹੀ ਨਹੀਂ ਹੈ। ਸਾਰਿਆਂ ਦੇ ਰੇਟ ਇੱਕੋ ਜਿਹੇ ਸੈੱਟ ਕੀਤੇ ਹੋਏ। ਇੱਕੋ ਜਿਹੀਆਂ ਕਾਰਾਂ ਹਨ। ਡਰਾਈਵਰਾਂ ਦੀ ਯੋਗਤਾ ਇੱਕੋ ਜਿੰਨੀ। ਫਿਰ ਅਸੀਂ ਕਿਵੇਂ ਤੇ ਕਿਸ ਨਾਲ ਮੁਕਾਬਲਾ ਕਰਾਂਗੇ? ਇਸ ਤਰ੍ਹਾਂ ਸਾਨੂੰ ਆਪਣੇ ਆਪ ਨਾਲ ਹੀ ਮੁਕਾਬਲਾ ਕਰਕੇ ਬੇਹਤਰ ਬਨਣਾ ਪਵੇਗਾ, ਰਾਜਨੀਤੀ ਨੂੰ ਤਿਆਗ ਕੇ। ਜਿਸ ਵੇਲੇ ਰੇਡੀਓ ਡਿਸਪੈਚ ਸਿਸਟਮ ਹੁੰਦਾ ਸੀ ਉਸ ਵਕਤ ਸਾਰਾ ਕੰਟਰੋਲ ਡਿਸਪੈਚਰ ਦੇ ਹੱਥ ਸੀ। ਹੁਣ ਕੰਟਰੋਲ ਡਰਾਈਵਰ ਦੇ ਹੱਥ ਹੈ। ਉਹ ਉਹੀ ਟ੍ਰਿੱਪ ਲੈਂਦਾ ਹੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਮਾੜੇ ਨੂੰ ਉਹ ਲੈਂਦਾ ਨਹੀਂ। ਰੇਡੀਓ ਵੇਲੇ ਡਿਸਪੈਚਰ ਨੇ ਜਿੱਥੇ ਟ੍ਰਿੱਪ ਲਈ ਭੇਜ ਦਿੱਤਾ ਉਹ ਲੈਣਾ ਹੀ ਪੈਂਦਾ ਸੀ। ਜੇ ਨਹੀਂ ਸੀ ਲੈਂਦਾ ਤਾਂ ਡਿਸਪੈਚਰ ਉਸ ਨੂੰ ਕੁਝ ਸਮੇਂ ਲਈ ਕੋਈ ਵੀ ਟਰੈੱਪ ਨਾ ਦਿੰਦਾ ਜਾਂ ਉਸ ਨੂੰ ਘਰ ਭੇਜ ਦਿੰਦਾ। ਇਵੇਂ ਹੀ ਪ੍ਰਬੰਧਕ ਕਮੇਟੀਆਂ ਹਨ।

ਹੁਣ ਸਾਰੇ ਡਰਾਈਵਰ ਹੀ ਮਾਲਕ ਹਨ। ਉਹ ਆਪਣੀ ਆਪਣੀ ਮਰਜੀ ਚਲਾਉਣੀ

ਟੈਕਸੀਨਾਮਾ/91