ਪੰਨਾ:ਟੈਕਸੀਨਾਮਾ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੈਕਸੀ ਸਨਅੱਤ ਨੂੰ ਆਪਣਾ ਪੱਧਰ

ਉੱਚਾ ਚੁੱਕਣਾ ਚਾਹੀਦਾ ਹੈ : ਪੀਟਰ ਬਰਾਅਲੈਂਟ

ਮੈਂ ਸਤੰਬਰ 1960 ਵਿਚ 21 ਸਾਲ ਦੀ ਉਮਰ ਵਿਚ ਬਲੈਕ ਟਾਪ ਕੰਪਨੀ ਨਾਲ ਟੈਕਸੀ ਚਲਾਉਣ ਲੱਗਾ ਸੀ। ਉਦੋਂ ਟੈਕਸੀ ਚਲਾਉਣ ਲਈ ਘੱਟੋ- ਘੱਟ 21 ਸਾਲ ਦਾ ਹੋਣਾ ਜ਼ਰੂਰੀ ਸੀ। ਮੈਂ ਜਨਵਰੀ 2001 ਤੱਕ ਇਸ ਕਿੱਤੇ ਨਾਲ ਸਿੱਧੇ ਤੌਰ 'ਤੇ ਜੁੜਿਆ ਰਿਹਾ। ਉਸ ਤੋਂ ਬਾਅਦ ਮੈਂ ਟੈਕਸੀ ਹੋਸਟ ਕੋਰਸ ਨੂੰ ਪੜ੍ਹਾਉਣ ਲੱਗ ਪਿਆ ਤੇ ਹੁਣ ਤੱਕ ਪੜ੍ਹਾ ਰਿਹਾ ਹਾਂ। ਹੁਣ ਵੀ ਕਦੇ-ਕਦੇ ਲਿਮੋਜ਼ੀਨ ਤੇ ਟੂਰ ਬੱਸ ਚਲਾ ਆਉਂਦਾ ਹਾਂ। ਟੈਕਸੀ ਸੇਵਾ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਪਾਉਂਦਾ ਰਹਿੰਦਾ ਹਾਂ।

ਮੈਂ ਕਨੇਡਾ ਵਿਚ ਹੀ ਜੰਮਿਆ-ਪਲਿਆ ਅਨਾਥ ਬੱਚਾ ਸੀ। ਚੌਦਾਂ ਸਾਲ ਦੀ ਉਮਰ ਵਿਚ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਈ ਕੰਮ ਕੀਤੇ। ਜਦੋਂ ਮੈਂ ਟੈਕਸੀ ਚਲਾਉਣੀ ਸ਼ੁਰੂ ਕੀਤੀ ਤਾਂ ਮੈਨੂੰ ਲੱਗਾ ਕਿ ਇਹ ਕੰਮ ਮੇਰੀ ਸ਼ਖ਼ਸੀਅਤ ਦੇ ਅਨੁਕੂਲ ਹੈ। ਛੇਤੀਂ ਹੀ ਮੈਂ ਟੈਕਸੀ ਡਿਸਪੈਚ ਦਾ ਕੰਮ ਸਿੱਖ ਗਿਆ ਅਤੇ ਡਿਸਪੈਚ ਕਰਨੀ ਸ਼ੁਰੂ ਕਰ ਦਿੱਤੀ। ਉਦੋਂ ਰੇਡੀਓ ਡਿਸਪੈਚ ਸਿਸਟਮ ਹੁੰਦਾ ਸੀ। ਇਹ ਕੰਮ ਬਹੁਤ ਔਖਾ ਸੀ। ਇਸ ਨੂੰ ਸਿੱਖਣ ਲਈ ਬਹੁਤ ਸਮਾਂ ਲੱਗਦਾ ਸੀ। ਇਸ ਸਿਖਲਾਈ ਦੌਰਾਨ ਕੋਈ ਪੈਸੇ ਨਹੀਂ ਸੀ ਮਿਲਦੇ। ਮੈਂ ਦਿਨੇ 12 ਘੰਟੇ ਟੈਕਸੀ ਚਲਾਉਂਦਾ ਤੇ ਰਾਤ ਨੂੰ ਡਿਸਪੈਚਰ ਦੇ ਕੋਲ ਜਾ ਬੈਠਦਾ। ਅੱਧੀ ਰਾਤ ਵਾਲੀ ਸ਼ਿਫਟ ਵੇਲੇ ਦਸ-ਬਾਰਾਂ ਟੈਕਸੀਆਂ ਰਹਿ ਜਾਂਦੀਆਂ ਤੇ ਕੰਮ ਦਾ ਜ਼ੋਰ ਨਾ ਹੁੰਦਾ। ਤਜਰਬੇਕਾਰ ਡਿਸਪੈਚਰ ਪ੍ਰਬੰਧ ਕਰਨ ਦੀ ਸਿੱਖਿਆ ਦਿੰਦਾ। ਸਾਰਿਆਂ ਨਾਲੋਂ ਵੱਡੀ ਗੱਲ ਉਹ ਡਿਸਪੈਚਰ ਦੇ ਅਧਿਕਾਰ ਨੂੰ ਵਰਤਣਾ ਸਿਖਾਉਂਦਾ। ਇਕ ਚੰਗਾ ਡਿਸਪੈਚਰ ਸਾਰੀ ਫਲੀਟ(ਉਸ ਦੀ ਨਿਗਰਾਨੀ ਹੇਠ ਚੱਲ ਰਹੀਆਂ ਟੈਕਸੀਆਂ) 'ਤੇ ਹੁਕਮ ਚਲਾਉਂਦਾ ਹੈ। ਇਸਦਾ ਉਸ ਨੂੰ ਪੂਰਾ ਅਧਿਕਾਰ ਹੁੰਦਾ ਹੈ। ਡਿਸਪੈਚਰ ਨੂੰ ਆਪਣਾ ਨਾਂ ਕਮਾਉਣਾ ਪੈਂਦਾ ਹੈ। ਜਿਹੜੇ ਡਿਸਪੈਚਰ ਆਪਣੇ ਅਧਿਕਾਰਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ, ਉਹ ਬਹੁਤਾ ਸਮਾਂ ਇਸ ਕਿੱਤੇ ਵਿਚ ਨਹੀਂ ਰਹਿੰਦੇ। ਉਸਦੀ ਇਮਾਨਦਾਰੀ ਅਤੇ ਯੋਗਤਾ ਉੱਪਰ ਉਂਗਲ ਨਹੀਂ ਉੱਠਣੀ ਚਾਹੀਦੀ।86/ਟੈਕਸੀਨਾਮਾ