ਪੰਨਾ:ਟੈਕਸੀਨਾਮਾ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਸਾਢੇ ਅੱਠ ਹਜ਼ਾਰ ਡਾਲਰ ਵਿਚ ਡੇਢ ਟੈਕਸੀ ਖ੍ਰੀਦ ਲਈ। ਹਾਂ ਜੀ ਹਾਂ ਹਾਂ। ਅੱਧਾ ਸ਼ੇਅਰ ਮੈਂ ਫਿਰ ਖ੍ਰੀਦ ਲਿਆ। ਮੇਰੇ ਕੋਲ ਦੋ ਟੈਕਸੀਆਂ ਹੋ ਗਈਆਂ। ਕੰਮ ਕਰਦੇ ਰਹੇ ਫੇਰ ਮੈਂ ਤਿੰਨ ਟੈਕਸੀਆਂ ਕਰ ਲਈਆਂ। ਫੇਰ ਮੈਂ ਇੱਕ ਗੈਸ ਸਟੇਸ਼ਨ ਖ੍ਰੀਦ ਲਿਆ ਕਿਸੇ ਨਾਲ ਰਲ ਕੇ। ਓਥੇ ਟੈਕਸੀਆਂ ਨੂੰ ਗੈਸ ਪਾਈ ਜਾਣਾ ਨਾਲ ਟੈਕਸੀਆਂ ਠੀਕ ਕਰਨੀਆਂ। ਮਿੱਲ ਚ ਵੀ ਕੰਮ ਕਰੀ ਜਾਣਾ। ਫੇਰ ਸਾਡੇ ਨੇੜੇ ਇੱਕ ਹੋਰ ਗੈਸ ਸਟੇਸ਼ਨ ਖੁਲ੍ਹ ਗਿਆ ਤੇ ਸਾਡਾ ਮੁਨਾਫਾ ਘਟ ਗਿਆ। ਮੈਂ ਆਪਣੀ ਭਾਈਵਾਲੀ ਕੱਢ ਲਈ। ਫੇਰ ਹੋਰ ਟੈਕਸੀਆਂ ਖ੍ਰੀਦ ਲਈਆਂ। ਇਸ ਤਰ੍ਹਾਂ ਮੇਰੇ ਕੋਲ ਪੰਜ ਟੈਕਸੀਆਂ ਹੋ ਗਈਆਂ । ਹਾਂ ਜੀ, ਹਾਂ ਹਾਂ।। ਫੇਰ ਮੇਰੇ ਭਰਾ ਕੋਲ ਵੀ ਟੈਕਸੀਆਂ ਸੀ। ਮੇਰੀ ਘਰਵਾਲੀ ਦੇ ਭਰਾਵਾਂ ਕੋਲ ਵੀ ਟੈਕਸੀਆਂ ਸੀ। ਸਾਡੇ ਪਰਿਵਾਰ ਦੀਆਂ ਹੀ ਦਸ-ਬਾਰ੍ਹਾਂ ਟੈਕਸੀਆਂ ਸੀ। ਜਦੋਂ ਨੱਬਵਿਆਂ ਵਿਚ ਐਨ ਡੀ ਪੀ ਸਰਕਾਰ ਬਣੀ ਤਾਂ ਇਨ੍ਹਾਂ ਨੇ ਕੁਝ ਨਵੇਂ ਰੂਲ ਬਣਾ ਦਿੱਤੇ ਕਿ ਡਰਾਈਵਰ ਨੂੰ ਘੱਟੋ ਘੱਟ ਤਨਖਾਹ ਦੇਣੀ ਹੀ ਪਿਆ ਕਰੇਗੀ, ਭਾਵੇਂ ਟੈਕਸੀ ਚ ਕਿੰਨੀ ਵੀ ਘੱਟ ਕਮਾਈ ਕਿਓਂ ਨਾ ਹੋਵੇ। ਹੋਰ ਵੀ ਸਹੂਲਤਾਂ ਜਿਵੇਂ ਛੁੱਟੀਆਂ ਦੀ ਤਨਖਾਹ, ਮੈਡੀਕਲ ਤੇ ਹੋਰ। ਇਹ ਲਾਗੂ ਤਾਂ ਨਾ ਹੋਏ ਪਰ ਅਸੀਂ ਡਰਦਿਆਂ ਨੇ ਇੱਕ-ਇੱਕ ਟੈਕਸੀ ਕੋਲ ਰੱਖ ਕੇ ਬਾਕੀ ਵੇਚ ਦਿੱਤੀਆਂ। ਹਾਂ ਜੀ। ਮੈਂ 1981 ਵਿਚ ਹੀ ਕੰਪਨੀ ਦਾ ਪ੍ਰੈਜ਼ੀਡੈਂਟ ਬਣ ਗਿਆ ਸੀ। ਹਾਂ ਜੀ।

ਉਦੋਂ 81 ਦੀ ਹੀ ਇੱਕ ਹੋਰ ਗੱਲ ਦੱਸਦਾਂ। ਮੁੰਡਾ ਹੁੰਦਾ ਸੀ ਜਸਵੀਰ ਬੱਲ। ਉਹ ਰਾਤ ਨੂੰ ਪੱਗ ਬੰਨ੍ਹ ਕੇ ਟੈਕਸੀ ਚਲਾਉਣ ਲੱਗ ਪਿਆ। ਉਸ ਤੋਂ ਪਹਿਲਾਂ ਕੋਈ ਦੇਖਿਆ ਹੀ ਨਹੀਂ ਸੀ ਪੱਗ ਬੰਨ੍ਹ ਕੇ ਟੈਕਸੀ ਚਲਾਉਂਦਾ। ਗੋਰਿਆਂ ਦੀਆਂ ਸ਼ਕਾਇਤਾਂ ਬਹੁਤ ਆਉਣ ਲੱਗ ਪਈਆਂ ਬਈ ਸਿਰ ਤੇ ਰੈਗ ਬੰਨ ਕੇ ਟੈਕਸੀ ਚਲਾਈ ਜਾਂਦੇ ਆ। ਸਾਡੇ ਸ਼ੇਅਰ ਹੋਲਡਰ ਗੁੱਸੇ ਹੋਣ ਲੱਗ ਪਏ ਕਿ ਏਹਨੂੰ ਹਟਾਉਂਦਾ ਕਿਓਂ ਨੀ। ਸਾਡੇ ਮੁਕਾਬਲੇ ਤੇ ਜਿਹੜੀ ਨਿਊਟਨ ਵਾਲ੍ਹੀ ਟੈਕਸੀ ਸੀ, ਉਹ ਤਿੰਨ ਗੋਰਿਆਂ ਕੋਲ ਸੀ। ਉਨ੍ਹਾਂ ਨੇ ਯੈਲੋ ਕੈਬ ਵਿਚੋਂ ਆਪਣੀਆਂ ਟੈਕਸੀਆਂ ਵੇਚ ਕੇ ਇਹ ਕੰਪਨੀ 79-80 ਵਿਚ ਖ੍ਰੀਦ ਲਈ ਸੀ। ਉਹ ਤਾਂ ਆਪਣੇ ਬੰਦੇ ਡਰਾਈਵਰ ਵੀ ਨਹੀਂ ਸੀ ਰੱਖਦੇ। ਮੈਂ ਕੰਪਨੀ ਦੇ ਵਕੀਲ ਨਾਲ ਗੱਲ ਕੀਤੀ। ਉਸ ਨੇ ਕੰਪਨੀ ਦਾ ਸੰਵਿਧਾਨ ਪੜ੍ਹ ਕੇ ਦੱਸਿਆ ਬਈ ਅਸੀਂ ਉਸ ਨੂੰ ਹਟਾ ਨਹੀਂ ਸਕਦੇ। ਸਿਰਫ ਬੇਨਤੀ ਕਰ ਸਕਦੇ ਹਾਂ। ਮੈਂ ਉਸ ਡਰਾਈਵਰ ਨੂੰ ਸੱਦ ਕੇ ਕਿਹਾ ਕਿ ਟੈਕਸੀ ਪੱਗ ਬੰਨ੍ਹ ਕੇ ਜੀਅ ਸਦਕੇ ਚਲਾ, ਪਰ ਜੇ ਤੁੰ ਦਿਨੇ ਚਲਾ ਲਿਆ ਕਰੇਂ। ਰਾਤ ਨੂੰ ਸ਼ਰਾਬੀ ਹੋਏ ਬੰਦੇ ਬਹੁਤੀਆਂ ਸ਼ਕਾਇਤਾਂ ਕਰਦੇ ਆ। ਚਲੋ ਜੀ ਜਸਵੀਰ ਦਿਨੇ ਟੈਕਸੀ ਚਲਾਉਣ ਲੱਗ ਪਿਆ। ਤੇ ਮੈਂ ਓਧਰ ਡਾਊਨ-ਟਾਊਨ ਚ ਜਿਹੜੇ ਆਪਣੇ ਮੁੰਡੇ ਟੈਕਸੀ ਚਲਾਉਂਦੇ ਸੀ, ਉਨ੍ਹਾਂ ਨੂੰ ਉਤਸ਼ਾਹਤ ਕਰਨ ਲੱਗ ਪਿਆ ਕਿ ਪੱਗਾਂ ਬੰਨ੍ਹ ਕੇ ਟੈਕਸੀ ਚਲਾਓ। ਇਓਂ ਕੰਮ ਚਲਦਾ ਚਲਦਾ ਖੁੱਲ੍ਹ ਗਿਆ।

ਏਅਰਪੋਰਟ ਤੇ ਵੀ ਪਹਿਲਾਂ ਮੈਕਲੋਅਰ ਕੈਬ ਵਾਲੇ ਹੀ ਚੁੱਕਦੇ ਸਨ80/ਟੈਕਸੀਨਾਮਾ