ਪੰਨਾ:ਟੈਕਸੀਨਾਮਾ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਗ ਵਾਲੇ ਨੂੰ ਪਹਿਲਾਂ ਨਹੀਂ ਸੀ ਰੱਖਦੇ। ਇਹ ਤਾਂ ਜਦੋਂ ਆਪਣੇ ਬੰਦੇ ਬਹੁਤੀ ਗਿਣਤੀ ਵਿੱਚ ਡਾਇਰੈਕਟਰ ਹੁੰਦੇ ਸੀ, ਉਦੋਂ ਵੀ ਨਹੀਂ ਸੀ ਰੱਖਦੇ। ਪਹਿਲਾਂ ਆਪਣਾ ਇਕ-ਅੱਧਾ ਡਾਇਰੈਕਟਰ ਬਣਦਾ ਸੀ। ਫਿਰ ਹੌਲੀ ਹੌਲੀ ਜਦੋਂ ਆਪਣੇ ਬੰਦੇ ਜ਼ਿਆਦਾ ਮਾਲਕ ਬਣ ਗਏ ਤਾਂ ਆਪਣੇ ਬੰਦਿਆਂ ਦੀ ਗਿਣਤੀ ਡਾਇਰੈਕਟਰਾਂ 'ਚ ਵਧਦੀ ਗਈ। ਅਸੀਂ ਈਸਟ ਇੰਡੀਅਨ ਬੰਦੇ ਕਿਤੇ ਇਕੱਠੇ ਹੋ ਕੇ ਪਹਿਲਾਂ ਹੀ ਪਲੈਨ ਬਣਾ ਲੈਂਦੇ ਸੀ ਕਿ ਐਤਕੀਂ ਆਹ ਬੰਦੇ ਖੜ੍ਹੇ ਕਰਨੇ ਆ ਤੇ ਇਨ੍ਹਾਂ ਨੂੰ ਵੋਟਾਂ ਪਾਉਣੀਆਂ। ਫੇਰ ਐਹੋ ਜਿਹਾ ਟਾਈਮ ਆ ਗਿਆ ਕਿ ਸਾਰੇ ਆਪਣੇ ਹੀ ਡਾਇਰੈਕਟਰ ਹੋਣ ਲੱਗ ਪਏ। ਉਸ ਵੇਲੇ ਵੀ ਅਸੀਂ ਪੱਗਾਂ ਵਾਲਿਆਂ ਨਹੀਂ ਸੀ ਰੱਖਦੇ। ਉਦੋਂ ਇਹ ਡਰ ਹੁੰਦਾ ਸੀ ਕਿ ਪੱਗਾਂ ਵਾਲਿਆਂ ਕਰਕੇ ਕਿਤੇ ਬਿਜਨਸ ਨੂੰ ਨਾ ਫਰਕ ਪਵੇ। ਲੋਕ ਹੋਰ ਕੰਪਨੀਆਂ ਦੇ ਮਗਰ ਨਾ ਤੁਰ ਪੈਣ। ਵਿਚ ਵਿਚ ਬੰਦੇ ਆਖਦੇ ਵੀ ਕਿ ਇਹ ਤਾਂ ਆਪਾਂ ਡਿਸਕ੍ਰਿਮੀਨੇਸ਼ਨ ਕਰਦੇ ਆਂ। ਫਿਰ ਹੌਲੀ-ਹੌਲੀ ਪੱਗਾਂ ਵਾਲਿਆਂ ਨੂੰ ਰੱਖਣ ਲੱਗ ਪਏ।

1973-74 ਚ ਪੰਜਾਹ-ਸੱਠ ਹਜ਼ਾਰ ਦੀ ਪਲੇਟ ਸੀ ਤੇ ਹੁਣ ਇਹ ਕੀਮਤ ਸਾਢੇ ਸੱਤ ਲੱਖ ਡਾਲਰ ਹੈ। ਉਦੋਂ ਰਾਤ ਦੀ ਪਲੇਟ ਦੀ ਕੀਮਤ ਜ਼ਿਆਦਾ ਹੁੰਦੀ ਸੀ। ਕਿਓਂ ਕਿ ਅਸੀਂ ਬਹੁਤੇ ਉਦੋਂ ਵਿਆਹੇ-ਵਰ੍ਹੇ ਨਹੀਂ ਸੀ ਹੁੰਦੇ ਤੇ ਰਾਤ ਨੂੰ ਟ੍ਰੈਫਿਕ ਵੀ ਨਹੀਂ ਸੀ ਹੁੰਦਾ ਅਸੀਂ ਰਾਤਾਂ ਨੂੰ ਟੈਕਸੀ ਚਲਾਉਣ ਨੂੰ ਤਰਜੀਹ ਦਿੰਦੇ ਸੀ। ਫੇਰ ਜਦੋਂ ਡਰਾਈਵਰ ਪਰਿਵਾਰਾਂ ਵਾਲੇ ਬਣ ਗਏ ਤੇ ਆਪਣੀਆਂ ਟੈਕਸੀਆਂ ਦੇ ਮਾਲਕ ਬਣ ਗਏ ਤਾਂ ਉਹ ਦਿਨਾਂ ਨੂੰ ਚਲਾਉਣੀ ਪਸੰਦ ਕਰਨ ਲੱਗ ਪਏ। ਹੁਣ ਦਿਨ ਦੀ ਪਲੇਟ ਦੀ ਕੀਮਤ ਰਾਤ ਦੇ ਮੁਕਾਬਲੇ ਜ਼ਿਆਦਾ ਹੈ।

ਇੱਕ ਗੱਲ ਜਿਹੜੀ ਮੈਨੂੰ ਬਹੁਤ ਵਾਰ ਹੁਣ ਵੀ ਚੇਤੇ ਆਉਂਦੀ ਹੁੰਦੀ ਐ ਤੇ ਮੈਨੂੰ ਇਕਦਮ ਜੁਗਤ ਸੁੱਝਣ ਤੇ ਮਾਣ ਵੀ ਹੁੰਦੈ। ਰਾਤ ਦਾ ਮੌਕਾ ਸੀ। ਸ਼ਾਇਦ ਸ਼ੁਕਰਵਾਰ ਦੀ ਰਾਤ ਸੀ। ਬਾਹਰ ਮੀਂਹ ਪੈ ਰਿਹਾ ਸੀ। ਕੰਮ ਪੂਰਾ ਬਿਜ਼ੀ ਸੀ। ਸ਼ਰਾਬੀ ਬਾਰਾਂ 'ਚੋਂ ਨਿਕਲ ਰਹੇ ਸੀ। ਤੇ ਮੇਰੀ ਟੈਕਸੀ ਵਿਚ ਇੱਕ ਨੇਟਿਵ ਇੰਡੀਅਨ ਆਣ ਬੈਠਾ। ਕਹਿੰਦਾ ਨਿਊਵੈਸਟ ਜਾਣੈ। ਟ੍ਰਿੱਪ ਲੰਮਾ ਸੀ। ਓਦੋਂ ਸਾਡੀ ਨਜ਼ਰ 'ਚ ਏਨ੍ਹਾਂ ਦਾ ਰਿਕਾਰਡ ਐਨਾਂ ਚੰਗਾ ਨਹੀਂ ਸੀ ਹੁੰਦਾ। ਕਈ ਵਾਰ ਇਓਂ ਹੋਣਾ ਕਿ ਕਿਰਾਇਆ ਨਹੀਂ ਸੀ ਦਿੰਦੇ ਹੁੰਦੇ ਇਹ ਸ਼ਰਾਬੀ ਹੋ ਕੇ। ਸੋ ਮੈਨੂੰ ਡਰ ਲੱਗਾ ਕਿ ਐਨਾ ਬਿਜ਼ੀ ਕੰਮ ਐ ਤੇ ਐਨੀ ਦੂਰ ਜਾਣਾ। ਜੇ ਇਸ ਨੇ ਕਿਰਾਇਆ ਨਾ ਦਿੱਤਾ ਤਾਂ ਕੰਮ ਖਰਾਬ ਹੋ ਜਾਊ। ਸੋ ਮੈਂ ਤਰੀਕੇ ਜਿਹੇ ਨਾਲ ਉਸ ਨੂੰ ਕਿਹਾ ਕਿ ਕੰਪਨੀ ਦਾ ਅਸੂਲ ਹੈ ਕਿ ਜੇ ਰਾਤ ਨੂੰ ਲੰਮਾ ਟ੍ਰਿੱਪ ਹੈ ਤਾਂ ਕਿਰਾਇਆ ਪਹਿਲਾਂ ਦੇਣਾ ਪੈਂਦਾ। ਪਰ ਜੀ ਉਹ ਸ਼ਰਾਬੀ ਸੀ। ਗੁੱਸਾ ਕਰ ਗਿਆ। ਕਹਿੰਦਾ ਤੁਸੀਂ ਸਾਡੇ ਦੇਸ਼ ਚ ਆ ਕੇ ਸਾਡੀਆਂ ਨੌਕਰੀਆਂ ਖੋਹੀ ਜਾਨੇ ਐਂ ਨਾਲੇ ਸਾਡੀ ਬੇਜ਼ਤੀ ਕਰਦੇ ਆਂ। ਮੈਂ ਬਥੇਰਾ ਕਿਹਾ ਕਿ ਮੈਂ ਬੇਜ਼ਤੀ ਨੀ ਕਰਦਾ, ਮੈਂ ਤਾਂ ਤੈਨੂੰ ਕੰਪਨੀ ਦੀ ਪੌਲਿਸੀ ਦੱਸੀ ਆ। ਪਰ ਜੀ ਉਹ ਕਹਿੰਦਾ ਹੁਣ ਮੈਂ ਰਾਈਡ ਵੀ ਲੈਣੀ ਆ ਤੇ ਪੈਸੇ ਵੀ ਨਹੀਂ ਦੇਣੇ। ਬਾਹਰ76/ਟੈਕਸੀਨਾਮਾ